'ਉਨ੍ਹਾਂ ਨੇ ਹਰ ਕਿਰਦਾਰ ਵਿੱਚ ਕਮਾਲ ਦੀ ਬਹੁਪੱਖੀਤਾ ਅਤੇ ਰਚਨਾਤਮਕਤਾ ਦਾ ਪ੍ਰਗਟਾਵਾ ਕੀਤਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਅਦਾਕਾਰਾਂ ਵਿੱਚ ਉਹ ਤੀਬਰਤਾ, ਵਿਲੱਖਣਤਾ ਅਤੇ ਪ੍ਰਭਾਵਸ਼ਾਲੀ ਮੌਜੂਦਗੀ ਹੁੰਦੀ ਹੈ ਜੋ ਨਾਨਾ ਪਾਟੇਕਰ ਵਿੱਚ ਸੀ। ਨਾਨਾ ਪਾਟੇਕਰ ਨੇ ਹਰ ਕਿਰਦਾਰ ਨੂੰ ਸ਼ਾਨਦਾਰ ਢੰਗ ਨਾਲ ਅਤੇ ਇੱਕ ਵੱਖਰੇ ਅੰਦਾਜ਼ ਵਿੱਚ ਨਿਭਾਇਆ, ਅਤੇ ਅਜਿਹੇ ਕਿਰਦਾਰ ਪੇਸ਼ ਕੀਤੇ ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਉਨ੍ਹਾਂ ਨੂੰ ਉਨ੍ਹਾਂ ਦੇ ਸਪੱਸ਼ਟ ਅਤੇ ਬੇਬਾਕ ਵਿਚਾਰਾਂ ਲਈ ਵੀ ਸਰਾਹਿਆ ਜਾਂਦਾ ਸੀ; ਉਹ ਆਪਣੇ ਮਨ ਦੀ ਗੱਲ ਕਹਿਣ ਤੋਂ ਕਦੇ ਨਹੀਂ ਝਿਜਕਦੇ ਸਨ। ਨਾਨਾ ਪਾਟੇਕਰ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੇ ਜਾਣ ਨਾਲ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਨਾਲ ਮੇਰੀ ਸੰਵੇਦਨਾ ਹੈ। ਓਮ ਸ਼ਾਂਤੀ।"
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਮਹਾਨ ਭਾਰਤੀ ਫਿਲਮੀ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜ ਦਹਾਕਿਆਂ ਤੱਕ, ਉਨ੍ਹਾਂ ਨੇ ਆਪਣੀ ਸੁਭਾਵਿਕ ਅਦਾਕਾਰੀ ਅਤੇ ਦਮਦਾਰ ਸੰਵਾਦ ਅਦਾਇਗੀ ਨਾਲ ਦਰਸ਼ਕਾਂ ਦੇ ਮਨਾਂ 'ਤੇ ਅਮਿੱਟ ਛਾਪ ਛੱਡੀ। ਭਾਵੇਂ ਗੰਭੀਰ ਸਮਾਜਿਕ ਵਿਸ਼ੇ ਹੋਣ ਜਾਂ ਵਿਅੰਗ, ਉਨ੍ਹਾਂ ਨੇ ਜਿਸ ਵੀ ਕਿਰਦਾਰ ਨੂੰ ਨਿਭਾਇਆ, ਉਸ ਵਿੱਚ ਜਾਨ ਪਾ ਦਿੱਤੀ।"
ਪਾਟੇਕਰ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਸ਼ਾਹ ਨੇ ਕਿਹਾ, "ਭਾਵੇਂ 'ਨਾਮ ਫਾਊਂਡੇਸ਼ਨ' ਰਾਹੀਂ ਸੋਕੇ ਨਾਲ ਜੂਝ ਰਹੇ ਕਿਸਾਨ ਪਰਿਵਾਰਾਂ ਦੀ ਸੇਵਾ ਕਰਨੀ ਹੋਵੇ ਜਾਂ ਫੌਜੀਆਂ ਦਾ ਹੌਸਲਾ ਵਧਾਉਣ ਲਈ ਸਰਹੱਦ 'ਤੇ ਜਾਣਾ, ਉਹ ਪ੍ਰਸਿੱਧੀ ਦੇ ਸਿਖਰ 'ਤੇ ਪਹੁੰਚਣ ਦੇ ਬਾਵਜੂਦ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ। ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਿਆ, ਉਨ੍ਹਾਂ ਦੀ ਸਾਦਗੀ ਅਤੇ ਸਪੱਸ਼ਟਵਾਦੀ ਸੁਭਾਅ ਨੇ ਹਮੇਸ਼ਾ ਡੂੰਘਾ ਪ੍ਰਭਾਵ ਛੱਡਿਆ। ਪ੍ਰਮਾਤਮਾ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ।"
ਕਦੋਂ ਤੇ ਕਿਵੇਂ ਹੋਇਆ ਨਾਨਾ ਪਾਟੇਕਰ ਜਾ ਦਿਹਾਂਤ
75 ਸਾਲਾ ਪਾਟੇਕਰ ਦਾ ਅੱਜ (8 ਅਕਤੂਬਰ) ਨੂੰ ਗੋਆ ਵਿੱਚ ਦਿਹਾਂਤ ਹੋ ਗਿਆ; ਉਨ੍ਹਾਂ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਹ ਡੋਨਾ ਪੌਲਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਸਮਾਚਾਰ ਏਜੰਸੀ ਪੀ.ਟੀ.ਆਈ. (PTI) ਅਨੁਸਾਰ, ਡਾ. ਸ਼ੇਖਰ ਸਾਲਕਰ ਨੇ ਦੱਸਿਆ ਕਿ ਲਗਾਤਾਰ 45 ਮਿੰਟਾਂ ਤੱਕ ਸੀ.ਪੀ.ਆਰ. (CPR) ਦਿੱਤੇ ਜਾਣ ਦੇ ਬਾਵਜੂਦ ਪਾਟੇਕਰ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ। ਨਾਨਾ ਪਾਟੇਕਰ ਨੂੰ ਸਵੇਰੇ ਲਗਭਗ 5:10 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਨਾਨਾ ਪਾਟੇਕਰ ਦਾ ਅੰਤਿਮ ਸਸਕਾਰ "ਰਾਜਕੀ ਸਨਮਾਨਾਂ ਨਾਲ" ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਆਸ਼ੀਸ਼ ਸ਼ੇਲਾਰ ਨੇ ਇਹ ਜਾਣਕਾਰੀ ਦਿੱਤੀ।
