ਆਨਲਾਈਨ ਲਹਿਰ ਸੀ.ਜੇ.ਪੀ. ਦੀ ਇਹ ਪਹਿਲੀ ਜਨਤਕ ਰੈਲੀ ਸੀ ਅਤੇ ਇਸ ਨੂੰ ਮਿਲਿਆ ਲੋਕ ਹੁੰਗਾਰਾ ਵੀ ਪ੍ਰਭਾਵਸ਼ਾਲੀ ਸੀ।
ਨਵੀਂ ਦਿੱਲੀ ਵਿਚ ਜੰਤਰ ਮੰਤਰ ਵਿਖੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੀ ਰੋਸ ਰੈਲੀ ਪੁਰਅਮਨ ਢੰਗ ਨਾਲ ਸਿਰੇ ਚੜ੍ਹ ਜਾਣ ਨਾਲ ਦਿੱਲੀ ਪੁਲੀਸ ਤੋਂ ਇਲਾਵਾ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੂੰ ਸੁੱਖ ਦਾ ਸਾਹ ਆਉਣਾ ਸੁਭਾਵਿਕ ਹੈ। ਆਨਲਾਈਨ ਲਹਿਰ ਸੀ.ਜੇ.ਪੀ. ਦੀ ਇਹ ਪਹਿਲੀ ਜਨਤਕ ਰੈਲੀ ਸੀ ਅਤੇ ਇਸ ਨੂੰ ਮਿਲਿਆ ਲੋਕ ਹੁੰਗਾਰਾ ਵੀ ਪ੍ਰਭਾਵਸ਼ਾਲੀ ਸੀ। ਰੈਲੀ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵਿਚ ਹਜ਼ਾਰਾਂ ਲੋਕ, ਖ਼ਾਸ ਕਰ ਕੇ ਨੌਜਵਾਨ ਸ਼ਾਮਲ ਹੋਏ। ਪਰ ਦਿੱਲੀ ਪੁਲੀਸ ਤੇ ਨਿਰਪੱਖ ਮੀਡੀਆ ਅਨੁਸਾਰ ਇਹ ਗਿਣਤੀ ਨੂੰ 1500 ਤੋਂ ਦੋ ਹਜ਼ਾਰ ਦੇ ਦਰਮਿਆਨ ਸੀ।
ਭਰ ਗਰਮੀ ਵਿਚ ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਇੰਨੀ ਗਿਣਤੀ ਵਿਚ ਲੋਕ ਜੁਟਾਉਣਾ - ਅਤੇ ਉਹ ਵੀ ਰੈਲੀ ਨੂੰ ਪੁਲੀਸ ਦੀ ਪ੍ਰਵਾਨਗੀ ਮਿਲਣ ਜਾਂ ਨਾ ਮਿਲਣ ਸਬੰਧੀ ਗ਼ੈਰਯਕੀਨੀ ਦੇ ਬਾਵਜੂਦ - ਅਪਣੇ ਆਪ ਵਿਚ ਕੋਈ ਛੋਟਾ ਕਾਰਜ ਨਹੀਂ ਸੀ। ਇਹ ਵੀ ਕਿਆਸਅਰਾਈਆਂ ਸਨ ਕਿ ਭਾਜਪਾ ਤੇ ਹੋਰ ਭਗਵੀਆਂ ਧਿਰਾਂ ਦੇ ਤੱਤੇ ਅਨਸਰ ਇਸ ਰੈਲੀ ਦੌਰਾਨ ਤਣਾਅ ਤੇ ਟਕਰਾਅ ਦਾ ਮਾਹੌਲ ਪੈਦਾ ਕਰਨਗੇ। ਪਰ ਦਿੱਲੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਸਮੁੱਚੀ ਕਵਾਇਦ ਦੌਰਾਨ ਪਰਿਪੱਕਤਾ ਤੇ ਮੁਸਤੈਦੀ ਦਾ ਸਬੂਤ ਦਿਤਾ। ਰੈਲੀ ਵਿਚ ਵਿਘਨ ਪਾਉਣ ਆਏ ਟੋਲੇ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਪ੍ਰਭਾਵ ਤਾਂ ਇਹੋ ਬਣਦਾ ਹੈ ਕਿ ਇਹ ਵਿਰੋਧ ਮਹਿਜ਼ ਸੰਕੇਤਕ ਸੀ। ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਚਾਹੁੰਦੀਆਂ ਸਨ ਕਿ ਰੈਲੀ ਦੌਰਾਨ ਕੋਈ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ ਜਿਸ ਕਾਰਨ ਸੀ.ਜੇ.ਪੀ. ਦੇ ਚੌਧਰੀਆਂ ਨੂੰ ਬੇਲੋੜਾ ਪ੍ਰਚਾਰ ਮਿਲੇ। ਲਿਹਾਜ਼ਾ, ਸੀ.ਜੇ.ਪੀ. ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਅਮਰੀਕਾ ਤੋਂ ਨਵੀਂ ਦਿੱਲੀ ਪੁੱਜਣ ਅਤੇ ਮੀਡੀਆ ਦੀ ਹਾਜ਼ਰੀ ਵਿਚ ਉਸ ਨੂੰ ਰੈਲੀ ਸਬੰਧੀ ਪ੍ਰਵਾਨਗੀ ਪੱਤਰ ਸੌਂਪਣ ਤੋਂ ਲੈ ਕੇ ਰੈਲੀ ਦੀ ਸਮਾਪਤੀ ਤਕ ਬਦਅਮਨੀ ਪੈਦਾ ਕਰਨ ਦੀ ਕੋਈ ਵੀ ਕਾਰਵਾਈ ਸੰਭਵ ਨਹੀਂ ਹੋਣ ਦਿਤੀ ਗਈ। ਰੈਲੀ ਕੇਂਦਰੀ ਸਿਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸਮਾਪਤ ਹੋ ਗਈ। ਅਸਤੀਫ਼ੇ ਲਈ ਪਹਿਲਾਂ ਪੰਜ ਘੰਟੇ ਦਾ ਅਤੇ ਫਿਰ ਵਧਾ ਕੇ ਸੱਤ-ਰੋਜ਼ਾ ਅਲਟੀਮੇਮ ਦਿਤਾ ਗਿਆ। ਇਹ ਅਲਟੀਮੇਟਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਨਜ਼ਰਅੰਦਾਜ਼ ਕਰ ਦਿਤਾ ਜਾਵੇਗਾ, ਇਸ ਸਬੰਧੀ ਸ਼ੱਕ-ਸ਼ੁਬਹਾ ਹੋਣ ਦੀ ਕੋਈ ਗੁੰਜਾਇਸ਼ ਨਹੀਂ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ‘ਨੀਟ’ ਦਾ ਪਰਚਾ ਲੀਕ ਹੋਣ ਅਤੇ ਸੀ.ਬੀ.ਐਸ.ਈ. ਦੀ 12ਵੀਂ ਦੀ ਪ੍ਰੀਖਿਆ ਦੇ ਉੱਤਰ-ਪੱਤਰਾਂ ਦੇ ਮੁਲਾਂਕਣ ਵਿਚ ਹੋਈਆਂ ਕੋਤਾਹੀਆਂ ਕਾਰਨ ਦੇਸ਼ ਭਰ ਦੇ ਯੁਵਾ ਵਰਗ ਵਿਚ ਭਰਵੀਂ ਬੇਚੈਨੀ ਵੀ ਹੈ ਅਤੇ ਗੁੱਸਾ ਵੀ। ‘ਨੀਟ’ ਜਾਂ ਜੇ.ਈ.ਈ. ਵਰਗੀਆਂ ਦਾਖ਼ਲਾ-ਯੋਗਤਾ ਪ੍ਰੀਖਿਆਵਾਂ ਨੂੰ ਸਮੁੱਚੇ ਤੌਰ ’ਤੇ ਰੱਦ ਕੀਤੇ ਜਾਣਾ ਅਤੇ ਪੁਨਰ-ਪ੍ਰੀਖਿਆ ਵਰਗਾ ਅਮਲ ਆਰੰਭਣਾ ਜਾਂ ਸੀ.ਬੀ.ਐਸ.ਈ. ਦੇ ਪੇਪਰ-ਮੁਲਾਂਕਣ ਤੇ ਨਤੀਜਾ ਤਿਆਰ ਕਰਨ ਵਾਲਾ ਸੌਫ਼ਟਵੇਅਰ ਨਾਕਾਮ ਸਾਬਤ ਹੋਣਾ ਵਰਗੇ ਅਮਲ ਸਮੁੱਚੇ ਪ੍ਰਬੰਧਕੀ ਢਾਂਚੇ ਦੀ ਅਸਫ਼ਲਤਾ ਦਾ ਪ੍ਰਤੀਕ ਸਮਝੇ ਜਾਣੇ ਚਾਹੀਦੇ ਹਨ। ਅਜਿਹੀ ਅਸਫ਼ਲਤਾ ਲਈ ਭਾਵੇਂ ਸਿਖਿਆ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਨਹੀਂ, ਪਰ ਮੰਤਰਾਲੇ ਦੇ ਮੁਖੀ ਹੋਣ ਸਦਕਾ ਅਸਿੱਧੀ ਜ਼ਿੰਮੇਵਾਰੀ ਤਾਂ ਉਨ੍ਹਾਂ ਦੀ ਹੀ ਬਣਦੀ ਹੈ। ਅਜਿਹੀ ਸੂਰਤ ਵਿਚ ਇਖ਼ਲਾਕੀ ਆਧਾਰ ’ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਿਸੇ ਵੀ ਤਰ੍ਹਾਂ ਗ਼ਲਤ ਜਾਂ ਨਾਜਾਇਜ਼ ਨਹੀਂ।
ਪਰ ਅੱਜ ਦਾ ਯੁੱਗ 1960ਵਿਆਂ ਵਾਲੇ ਆਦਰਸ਼ਵਾਦ ਦਾ ਯੁੱਗ ਨਹੀਂ ਜਦੋਂ ਇਕ ਵੱਡਾ ਰੇਲ ਹਾਦਸਾ ਹੋਣ ’ਤੇ ਤੱਤਕਾਲੀ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫ਼ਾ ਦੇ ਦਿਤਾ ਸੀ। ਅੱਜ ਦੇ ਯੁੱਗ ਵਿਚ ਤਾਂ ਅਦਾਲਤਾਂ ਵਲੋਂ ਦੋਸ਼ੀ ਕਰਾਰ ਦਿੱਤੇ ਰਾਜਨੇਤਾ ਜੇਲ੍ਹ ਜਾ ਕੇ ਵੀ ਅਸਤੀਫ਼ਾ ਨਹੀਂ ਦਿੰਦੇ। ਸ੍ਰੀ ਪ੍ਰਧਾਨ ਪਹਿਲਾਂ ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਫਿਰ ਹੁਨਰ ਵਿਕਾਸ ਮੰਤਰੀ ਵਜੋਂ ਪਿਛਲੀਆਂ ਦੋ ਮੋਦੀ ਸਰਕਾਰਾਂ ਵਿਚ ਅਪਣੀਆਂ ਜ਼ਿੰਮੇਵਾਰੀਆਂ ਕੁਸ਼ਲਤਾ ਨਾਲ ਨਿਭਾਉਂਦੇ ਰਹੇ ਸਨ। ਉਹ ਘੱਟ ਬੋਲਣ ਤੇ ਵੱਧ ਕੰਮ ਕਰਨ ਵਾਲੇ ਮੰਤਰੀ ਵਜੋਂ ਜਾਣੇ ਜਾਂਦੇ ਸਨ। ਇਸੇ ਕਾਰਨ ਉਨ੍ਹਾਂ ਨੂੰ ਮੌਜੂਦਾ ਮੋਦੀ ਮੰਤਰੀ ਮੰਡਲ ਵਿਚ ਸਿਖਿਆ ਮੰਤਰਾਲੇ ਦਾ ਕਾਰਜ-ਭਾਰ ਸੌਂਪਿਆ ਗਿਆ। ਬਦਕਿਸਮਤੀਵੱਸ, ਇਸ ਮੰਤਰਾਲੇ ਵਿਚ ਉਨ੍ਹਾਂ ਦੀ ਪਹਿਲਾਂ ਵਰਗੀ ਸਾਖ਼ ਸਲਾਮਤ ਨਹੀਂ ਰਹਿ ਸਕੀ। ਸਰਕਾਰੀ ਧਿਰ ਦਾ ਦਾਅਵਾ ਹੈ ਕਿ ਉਹ ਇਸ ਮੰਤਰਾਲੇ ਦੀਆਂ ਵੱਖ ਵੱਖ ਸ਼ਾਖਾਵਾਂ ਦੀ ਕਾਰਗੁਜ਼ਾਰੀ ਨੂੰ ਲੀਹ ’ਤੇ ਲਿਆਉਣ ਅਤੇ ਲੋਕਮੁਖੀ ਬਣਾਉਣ ਲਈ ਯਤਨਸ਼ੀਲ ਹਨ। ਪਰ ਇਨ੍ਹਾਂ ਯਤਨਾਂ ਨੂੰ ਜੋ ਫ਼ਲ ਅਜੇ ਤਕ ਪਿਆ ਹੈ, ਉਹ ਜ਼ਾਹਰਾ ਤੌਰ ’ਤੇ ਤਸੱਲੀਬਖ਼ਸ਼ ਨਹੀਂ।
ਸਿਖਿਆ ਮੰਤਰਾਲੇ ਦੀਆਂ ਹਾਲੀਆ ਨਾਕਾਮੀਆਂ ਨੇ ਮੋਦੀ ਸਰਕਾਰ ਦੇ ਅਕਸ ਨੂੰ ਖੋਰਾ ਲਾਇਆ ਹੈ, ਇਹ ਕੋਈ ਅਤਿਕਥਨੀ ਨਹੀਂ। ਉਪਰੋਂ ਨਾਕਾਮੀਆਂ ਨੂੰ ਬੇਪਰਦ ਕਰਨ ਵਾਲਿਆਂ ਨੂੰ ਮੋਦੀ-ਭਗਤਾਂ ਵਲੋਂ ‘ਪਾਕਿਸਤਾਨੀ’ ਜਾਂ ‘ਵਿਦੇਸ਼ੀ ਏਜੰਟ’ ਵਰਗੇ ਠੱਪਿਆਂ ਨਾਲ ਟਰੌਲ ਕਰਨ ਤੋਂ ਵਿਦਿਆਰਥੀ ਵਰਗ ਤੇ ਉਨ੍ਹਾਂ ਦੇ ਮਾਪਿਆਂ ਵਿਚ ਗੁੱਸਾ ਵਧਣਾ ਹੀ ਸੀ। ਇਸ ਗੁੱਸੇ ਦਾ ਲਾਹਾ ਅਭਿਜੀਤ ਦੀਪਕੇ ਤੇ ਉਨ੍ਹਾਂ ਦੇ ਸਾਥੀਆਂ ਨੇ ਲਿਆ। ਉਨ੍ਹਾਂ ਨੇ ਜਿਸ ਢੰਗ ਨਾਲ ਸਮੁੱਚੀ ਮੁਹਿੰਮ ਚਲਾਈ, ਉਸ ਤੋਂ ਉਨ੍ਹਾਂ ਦੇ ਹੀਲਿਆਂ-ਉਪਰਾਲਿਆਂ ਵਿਚੋਂ ਰਾਜਸੀ ਲਾਲਸਾਵਾਂ ਦੀ ਗੰਧ ਆਉਣੀ ਅਸਚਰਜ ਵਾਲੀ ਗੱਲ ਨਹੀਂ। ਉਹ ਲੋਕ-ਰੋਹ ਵਾਲੇ ਮੌਕੇ ਨੂੰ ਸਿਆਸੀ ਤੌਰ ’ਤੇ ਭੁਨਾਉਣ ਦੀ ਕਾਹਲ ਵਿਚ ਹਨ।
ਇਸੇ ਲਈ ਸੀ.ਜੇ.ਪੀ. ਨੂੰ ਰਾਜਸੀ ਜਮਾਤ ਵਿਚ ਬਦਲਣ ਦੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ। ਪਰ ਕਾਂਗਰਸ ਤੇ ਕੁਝ ਹੋਰ ਸਿਆਸੀ ਜਮਾਤਾਂ ਵਲੋਂ ਅਜਿਹੇ ਯਤਨਾਂ ਤੋਂ ਦੂਰੀ ਬਣਾਉਣੀ ਅਤੇ ਭਾਜਪਾ ਵਲੋਂ ਵੀ ਮੁੱਢਲੀ ਤਲਖ਼ੀ ਤੋਂ ਬਾਅਦ ਸੰਜਮੀ ਸੁਰ ਅਪਨਾਉਣੀ ਇਸ ਹਕੀਕਤ ਦਾ ਇਜ਼ਹਾਰ ਹੈ ਕਿ ਸਥਾਪਿਤ ਰਾਜਸੀ ਧਿਰਾਂ ‘ਕਾਕਰੋਚਾਂ’ ਲਈ ਪਿੜ ਖੁਲ੍ਹੀ ਛੱਡਣ ਦੀ ਰੌਂਅ ਵਿਚ ਨਹੀਂ। ਉਂਜ ਵੀ, ਭਾਰਤ ਨੂੰ ਬੰਗਲਾਦੇਸ਼ ਜਾਂ ਨੇਪਾਲ ਵਾਲੇ ਪ੍ਰਿਜ਼ਮ ਵਿਚੋਂ ਦੇਖਣਾ ਗ਼ੈਰ-ਅਮਲੀ ਵੀ ਹੈ ਅਤੇ ਬਚਕਾਨਾ ਵੀ।
