ਵਿਸ਼ਵ ਭਰ ਦੇ ਆਗੂਆਂ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਲੰਬੇ ਸਮੇਂ ਤੱਕ ਭਾਰਤ ਦੇ ਚੁਣੇ ਗਏ ਪ੍ਰਧਾਨ ਮੰਤਰੀ ਹੋਣ ਦੀ ਉਪਲਬਧੀ ਹਾਸਲ ਕਰਨ 'ਤੇ ਦੁਨੀਆ ਭਰ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ‘‘ਪਰਿਵਰਤਨਸ਼ੀਲ ਸ਼ਾਸਨ’’, ‘ਗਲੋਬਲ ਸਾਊਥ’ ਨੂੰ ਉਨ੍ਹਾਂ ਦੇ ਸਮਰਥਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਆਰਥਿਕ ਤੌਰ 'ਤੇ ਅੱਗੇ ਵਧ ਰਹੇ ਭਾਰਤ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ।
‘ਗਲੋਬਲ ਸਾਊਥ’ ਤੋਂ ਭਾਵ ਉਨ੍ਹਾਂ ਦੇਸ਼ਾਂ ਤੋਂ ਹੈ ਜਿਨ੍ਹਾਂ ਨੂੰ ਅਕਸਰ ਵਿਕਾਸਸ਼ੀਲ, ਘੱਟ ਵਿਕਸਤ ਜਾਂ ਅਣ-ਵਿਕਸਤ ਵਜੋਂ ਜਾਣਿਆ ਜਾਂਦਾ ਹੈ, ਇਹ ਮੁੱਖ ਤੌਰ 'ਤੇ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਵਿੱਚ ਸਥਿਤ ਹਨ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕਾ ਨੇ ਇੱਕ ਪੱਤਰ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਸ੍ਰੀਲੰਕਾ ਸਰਕਾਰ ਅਤੇ ਆਪਣੇ ਦੇਸ਼ ਦੇ ਲੋਕਾਂ ਵੱਲੋਂ ਦਿਲੋਂ ਵਧਾਈ ਦਿੱਤੀ। ਦਿਸਾਨਾਇਕਾ ਨੇ ਕਿਹਾ, ‘‘ਇਹ ਉਪਲਬਧੀ ਨਾ ਕੇਵਲ ਤੁਹਾਡੇ ਸਾਲਾਂ ਦੇ ਕਾਰਜਕਾਲ ਦਾ ਪ੍ਰਮਾਣ ਹੈ, ਬਲਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਨਤਾ ਦੁਆਰਾ ਤੁਹਾਡੀ ਅਗਵਾਈ 'ਤੇ ਵਾਰ-ਵਾਰ ਜਤਾਏ ਗਏ ਵਿਸ਼ਵਾਸ ਅਤੇ ਭਰੋਸੇ ਦਾ ਵੀ ਪ੍ਰਮਾਣ ਹੈ।’’
ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਭਾਰਤ ਦੇ ਸ਼ਾਨਦਾਰ ਆਰਥਿਕ ਅਤੇ ਸਮਾਜਿਕ ਪਰਿਵਰਤਨ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੇ ਸ੍ਰੀਲੰਕਾ ਸਮੇਤ ਭਾਰਤ ਦੀਆਂ ਸਰਹੱਦਾਂ ਤੋਂ ਪਾਰ ਵੀ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਾਰਾਪੇ ਨੇ ਇੱਕ ਨਿੱਜੀ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ‘‘ਇੱਕ ਆਦਰਸ਼ ਅਤੇ ਅਗਵਾਈ ਦੀ ਮਿਸਾਲ’’ ਦੱਸਿਆ। ਉਨ੍ਹਾਂ ਕਿਹਾ, ‘‘20 ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਵਿੱਚੋਂ ਕੱਢ ਕੇ ਬਿਹਤਰ ਜੀਵਨ ਵੱਲ ਲੈ ਕੇ ਜਾਣਾ ਇੱਕ ਅਦਭੁਤ ਉਪਲਬਧੀ ਹੈ।’’ ਪ੍ਰਧਾਨ ਮੰਤਰੀ ਮਾਰਾਪੇ ਨੇ ਪਾਪੂਆ ਨਿਊ ਗਿਨੀ ਦੀ ਦਿਲੋਂ ਦੋਸਤੀ ਅਤੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ।
ਤ੍ਰਿਨੀਦਾਦ ਅਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਵੀ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਗਲੋਬਲ ਮਾਮਲਿਆਂ ਵਿੱਚ ਇੱਕ ਮੋਹਰੀ ਆਵਾਜ਼ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਮੋਦੀ ਦੀ ਸਧਾਰਨ ਸ਼ੁਰੂਆਤ ਤੋਂ ਲੈ ਕੇ ਤਿੰਨ ਕਾਰਜਕਾਲਾਂ ਵਿੱਚ 1.4 ਅਰਬ ਲੋਕਾਂ ਦੇ ਦੇਸ਼ ਦੀ ਅਗਵਾਈ ਕਰਨ ਤੱਕ ਦੇ ਸਫ਼ਰ ਨੂੰ ਰੇਖਾਂਕਿਤ ਕੀਤਾ ਅਤੇ ਵਿਦੇਸ਼ ਨੀਤੀ, ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਰਤ ਦੀਆਂ ਮਹੱਤਵਪੂਰਨ ਉਪਲਬਧੀਆਂ ਦਾ ਜ਼ਿਕਰ ਕੀਤਾ।
ਮੋਦੀ ਨੇ ਪਹਿਲੀ ਵਾਰ 26 ਮਈ 2014 ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਦਾ ਦੂਜਾ ਕਾਰਜਕਾਲ 30 ਮਈ 2019 ਨੂੰ ਸ਼ੁਰੂ ਹੋਇਆ ਸੀ। ਉੱਥੇ ਹੀ, 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਹੋਰ ਫੈਸਲਾਕੁੰਨ ਜਿੱਤ ਤੋਂ ਬਾਅਦ, ਮੋਦੀ ਨੇ 9 ਜੂਨ 2024 ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।
