ਨਵੀਆਂ ਕੀਮਤਾਂ 14 ਮਈ, 2026 ਤੋਂ ਹੋਣਗੀਆਂ ਲਾਗੂ
ਨਵੀਂ ਦਿੱਲੀ: ਮਹਿੰਗਾਈ ਦੀ ਮਾਰ ਹੇਠ ਆਏ ਆਮ ਖਪਤਕਾਰਾਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਜੀ.ਸੀ.ਐਮ.ਐਮ.ਐਫ਼.), ਜੋ ‘ਅਮੂਲ’ ਬ੍ਰਾਂਡ ਦੇ ਤਹਿਤ ਅਪਣੇ ਉਤਪਾਦ ਵੇਚਦੀ ਹੈ, ਨੇ ਬੁਧਵਾਰ ਨੂੰ ਪੂਰੇ ਭਾਰਤ ਵਿਚ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਕੀਮਤਾਂ 14 ਮਈ, 2026 ਤੋਂ ਲਾਗੂ ਹੋਣਗੀਆਂ।
ਜੀ.ਸੀ.ਐਮ.ਐਮ.ਐਫ਼. ਨੇ ਇਕ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ, ‘‘ਕੀਮਤਾਂ ਵਿਚ ਵਾਧਾ ਦੁੱਧ ਦੇ ਸੰਚਾਲਨ ਅਤੇ ਉਤਪਾਦਨ ਦੀ ਕੁਲ ਲਾਗਤ ਵਿਚ ਵਾਧੇ ਕਾਰਨ ਕੀਤਾ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਪਸ਼ੂਆਂ ਦੇ ਚਾਰੇ, ਦੁੱਧ ਦੀ ਪੈਕਿੰਗ ਅਤੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ।’’ ਫੈਡਰੇਸ਼ਨ ਅਨੁਸਾਰ, ਇਹ ਵਾਧਾ ਪ੍ਰਤੀ ਲੀਟਰ ਲਗਭਗ 2.5 ਤੋਂ 3.5 ਫੀ ਸਦੀ ਬਣਦਾ ਹੈ, ਜੋ ਕਿ ਔਸਤ ਖੁਰਾਕੀ ਮਹਿੰਗਾਈ ਨਾਲੋਂ ਘੱਟ ਹੈ।
ਦਿੱਲੀ-ਐਨ.ਸੀ.ਆਰ. ਅਤੇ ਉੱਤਰ ਪ੍ਰਦੇਸ਼ ਵਿਚ 500 ਮਿਲੀਲੀਟਰ ਦੇ ਪੈਕ ਲਈ ਨਵੀਆਂ ਕੀਮਤਾਂ ਅਮੂਲ ਤਾਜ਼ਾ ਲਈ 30 ਰੁਪਏ, ਅਮੂਲ ਗੋਲਡ ਲਈ 36 ਰੁਪਏ, ਗਊ ਦਾ ਦੁੱਧ 31 ਰੁਪਏ ਹੋਵੇਗੀ। ਜਦਕਿ ਮੱਝ ਦੇ ਦੁੱਧ ਦੀ ਕੀਮਤ 4 ਰੁਪਏ ਵਧ ਕੇ 80 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਸਹਿਕਾਰੀ ਸਭਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਨੀਤੀ ਅਨੁਸਾਰ ਖਪਤਕਾਰਾਂ ਤੋਂ ਪ੍ਰਾਪਤ ਹਰ ਰੁਪਏ ’ਚੋਂ ਲਗਭਗ 80 ਪੈਸੇ ਦੁੱਧ ਉਤਪਾਦਕਾਂ ਨੂੰ ਦਿਤੇ ਜਾਂਦੇ ਹਨ। ਕੰਪਨੀ ਨੇ ਕਿਹਾ, ‘‘ਕੀਮਤਾਂ ਵਿਚ ਇਸ ਸੋਧ ਨਾਲ ਦੁੱਧ ਉਤਪਾਦਕਾਂ ਨੂੰ ਲਾਭਕਾਰੀ ਕੀਮਤਾਂ ਬਰਕਰਾਰ ਰੱਖਣ ਅਤੇ ਉਨ੍ਹਾਂ ਨੂੰ ਵੱਧ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਵਿਚ ਮਦਦ ਮਿਲੇਗੀ।’’
ਜ਼ਿਕਰਯੋਗ ਕਿ ਵਿੱਤੀ ਸਾਲ 2025-26 ਵਿਚ ਅਮੂਲ ਬ੍ਰਾਂਡ ਦਾ ਕੁਲ ਕਾਰੋਬਾਰ 11 ਫੀ ਸਦੀ ਵਧ ਕੇ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਮੱਧ ਵਰਗੀ ਪਰਵਾਰਾਂ ਦੇ ਬਜਟ ’ਤੇ ਪਵੇਗਾ।
