ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਘਰ-ਘਰ ਜਾ ਦੇ ਗਿਣਤੀ ਭਲਕੇ ਤੋਂ ਹੋਵੇਗੀ ਸ਼ੁਰੂ
- ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹ, ਗੋਆ, ਕਰਨਾਟਕ, ਲਕਸ਼ਦੀਪ, ਮਿਜ਼ੋਰਮ, ਓਡੀਸ਼ਾ, ਅਤੇ ਸਿੱਕਿਮ ’ਚ ਗਿਣਤੀ ਕਰਨ ਵਾਲੇ ਲੋਕਾਂ ਤੋਂ 33 ਸਵਾਲ ਪੁਛਣਗੇ
- 16 ਅਪ੍ਰੈਲ ਤੋਂ ਹੀ ਚੰਡੀਗੜ੍ਹ, ਹਰਿਆਣਾ, ਆਂਧਰ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ se.census.gov.in ’ਤੇ ਸਵੈ-ਗਿਣਤੀ ਸ਼ੁਰੂ ਹੋਵੇਗੀ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦਸਿਆ ਹੈ ਕਿ ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਵਿਚ 12 ਲੱਖ ਤੋਂ ਵੱਧ ਘਰਾਂ ਨੇ ਸਵੈ-ਗਿਣਤੀ ਦੀ ਸਹੂਲਤ ਲਈ ਹੈ। ਇਹ ਪ੍ਰਕਿਰਿਆ 15 ਦਿਨਾਂ ਤਕ ਚੱਲੀ ਅਤੇ ਹੁਣ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਘਰ-ਘਰ ਜਾ ਕੇ ਗਿਣਤੀ ਕਰਨ ਦੀ ਕਾਰਵਾਈ ਸ਼ੁਰੂ ਹੋਵੇਗੀ।
ਸਰਕਾਰ ਦੇ ਬਿਆਨ ਅਨੁਸਾਰ, ‘‘ਸਵੈ-ਗਿਣਤੀ ਦੀ ਸਹੂਲਤ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਵਲੋਂ ਇਸ ਨੂੰ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ।’’ ਇਸ ਸਹੂਲਤ ਰਾਹੀਂ ਲੋਕਾਂ ਨੇ se.census.gov.in ਪੋਰਟਲ ਉਤੇ ਅਪਣੀ ਜਾਣਕਾਰੀ ਭਰੀ। ਜਿਨ੍ਹਾਂ ਘਰਾਂ ਨੇ ਸਵੈ-ਗਿਣਤੀ ਕੀਤੀ ਹੈ, ਉਨ੍ਹਾਂ ਨੂੰ ਹੁਣ ਅਪਣੇ ਘਰ ਮਰਦਮਸ਼ੁਮਾਰੀ ਕਰਨ ਆਏ ਮੁਲਾਜ਼ਮਾਂ ਨੂੰ ਅਪਣੀ ਐੱਸ.ਈ. ਆਈ.ਡੀ. ਦੇਣੀ ਹੋਵੇਗੀ। ਜਿਨ੍ਹਾਂ ਨੇ ਇਹ ਸਹੂਲਤ ਨਹੀਂ ਲਈ, ਉਨ੍ਹਾਂ ਦੀ ਜਾਣਕਾਰੀ ਘਰ-ਘਰ ਜਾ ਕੇ ਇਕੱਠੀ ਕੀਤੀ ਜਾਵੇਗੀ।
ਕੇਂਦਰ ਨੇ ਕਿਹਾ ਕਿ ‘‘ਇਹ ਪਹਿਲ ਡਿਜੀਟਲ ਮਰਦਮਸ਼ੁਮਾਰੀ ਵਲ ਇਕ ਮਹੱਤਵਪੂਰਨ ਕਦਮ ਹੈ, ਜੋ ਲਚਕੀਲਾਪਨ, ਸਹੂਲਤ ਅਤੇ ਭਾਗੀਦਾਰੀ ਦੀ ਆਸਾਨੀ ਪ੍ਰਦਾਨ ਕਰਦੀ ਹੈ।’’ ਇਸ ਵਾਰ ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਐਪਲੀਕੇਸ਼ਨ ਰਾਹੀਂ ਕੀਤੀ ਜਾ ਰਹੀ ਹੈ। 32 ਲੱਖ ਤੋਂ ਵੱਧ ਗਿਣਤੀਕਾਰ ਮੋਬਾਈਲ ਐਪ ਦੀ ਵਰਤੋਂ ਕਰ ਕੇ ਡਾਟਾ ਇਕੱਠਾ ਕਰਨਗੇ।
ਅਗਲੇ ਪੜਾਅ ਵਿਚ 16 ਅਪ੍ਰੈਲ ਤੋਂ ਆਂਧਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਸਮੇਤ ਹੋਰ ਸੂਬਿਆਂ ਵਿਚ ਸਵੈ-ਗਿਣਤੀ ਸ਼ੁਰੂ ਹੋਵੇਗੀ। ਬਿਹਾਰ ਵਿਚ ਇਹ ਪ੍ਰਕਿਰਿਆ 17 ਅਪ੍ਰੈਲ ਤੋਂ 1 ਮਈ ਤਕ ਚੱਲੇਗੀ।
