ਅਜਿਹੇ ਹਥਕੰਡੇ ਅਤੇ ਗੁੰਮਰਾਹਕੁੰਨ ਦਾਅਵੇ ਕਰਨਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ: ਰਣਧੀਰ ਜੈਸਵਾਲ
ਨਵੀਂ ਦਿੱਲੀ: ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਨੂੰ ਅੱਖਾਂ 'ਚ ਘੱਟਾ ਪਾਉਣ ਵਾਲੀ ਹਰਕਤ ਦੱਸਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੇ ਹਥਕੰਡੇ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੋਈ ਨਵੀਂ ਗੱਲ ਨਹੀਂ ਹਨ। ਅਸੀਂ ਪਹਿਲਾਂ ਵੀ ਅਜਿਹੇ ਹਥਕੰਡੇ ਦੇਖੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਦੇਸ਼ ਵੱਲੋਂ ਅਜਿਹੀਆਂ ਝੂਠੀਆਂ ਘੋਸ਼ਣਾਵਾਂ ਕੀਤੇ ਜਾਣ 'ਤੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨੀਆਂ ਖੋਖਲੀਆਂ ਹੁੰਦੀਆਂ ਹਨ। ਪਾਕਿਸਤਾਨ ਨੂੰ ਅਜਿਹੀਆਂ ਘੋਸ਼ਣਾਵਾਂ ਕਰਨ ਦੀ ਬਜਾਏ ਠੋਸ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਦਾ ਅੰਤ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ।
ਭਾਰਤ ਨੇ ਜੈਸ਼-ਏ-ਮੁਹੰਮਦ (JeM) ਦੇ ਮੁਖੀ ਮਸੂਦ ਅਜ਼ਹਰ 'ਤੇ ਇਨਾਮ ਦੀ ਰਾਸ਼ੀ ਵਧਾਉਣ ਦੇ ਪਾਕਿਸਤਾਨ ਦੇ ਕਦਮ ਨੂੰ ਦਿਖਾਵਾ ਅਤੇ ਝੂਠੀ ਘੋਸ਼ਣਾ ਕਰਾਰ ਦਿੱਤਾ ਅਤੇ ਇਸਲਾਮਾਬਾਦ ਨੂੰ ਕਿਹਾ ਕਿ ਉਹ "ਖੋਖਲੀਆਂ" ਘੋਸ਼ਣਾਵਾਂ ਕਰਨ ਦੀ ਬਜਾਏ ਠੋਸ ਕਾਰਵਾਈ ਕਰੇ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (FIA) ਨੇ ਆਪਣੀ 2026 ਦੀ ਸਭ ਤੋਂ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਨਾਂ ਸ਼ਾਮਲ ਕੀਤਾ ਹੈ। ਉਸ ਨੂੰ ਫੜਨ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ ਇਨਾਮ ਦੀ ਰਾਸ਼ੀ ਵੀ 20 ਲੱਖ ਪਾਕਿਸਤਾਨੀ ਰੁਪਏ ਤੋਂ ਵਧਾ ਕੇ 70 ਲੱਖ ਪਾਕਿਸਤਾਨੀ ਰੁਪਏ ਕਰ ਦਿੱਤੀ ਗਈ ਹੈ।
