ਐਨ.ਆਈ.ਏ. ਅਦਾਲਤ ਨੇ 13 ਸਾਲ ਬਾਅਦ ਸੁਣਾਇਆ ਫ਼ੈਸਲਾ
ਰਾਏਪੁਰ : ਝੀਰਮ ਘਾਟੀ ਹੱਤਿਆਕਾਂਡ ਮਾਮਲੇ ਵਿੱਚ ਜਗਦਲਪੁਰ ਦੀ ਐੱਨ.ਆਈ.ਏ. ਅਦਾਲਤ ਨੇ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। 25 ਮਈ 2013 ਨੂੰ ਕਾਂਗਰਸ ਦੀ ਪਰਿਵਰਤਨ ਯਾਤਰਾ ਦੇ ਕਾਫ਼ਲੇ 'ਤੇ ਨਕਸਲੀ ਹਮਲਾ ਹੋਇਆ ਸੀ। ਇਸ ਵਿੱਚ ਕਾਂਗਰਸ ਦੇ ਤਤਕਾਲੀ ਸੂਬਾ ਪ੍ਰਧਾਨ ਨੰਦਕੁਮਾਰ ਪਟੇਲ, ਮਹਿੰਦਰ ਕਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਣ ਸ਼ੁਕਲਾ ਸਮੇਤ 29 ਲੋਕਾਂ ਦੀ ਮੌਤ ਹੋਈ ਸੀ।
ਲਗਭਗ 13 ਸਾਲ ਚੱਲੀ ਸੁਣਵਾਈ ਦੌਰਾਨ 101 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਦਸਤਾਵੇਜ਼ਾਂ ਨੂੰ ਰਿਕਾਰਡ 'ਤੇ ਲਿਆ ਗਿਆ। ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਹੁਕਮ ਦੀ ਪੁਸ਼ਟੀ ਹਾਈ ਕੋਰਟ ਕਰੇਗਾ। ਦੋਸ਼ੀਆਂ ਨੂੰ 30 ਦਿਨਾਂ ਦੇ ਅੰਦਰ ਹਾਈ ਕੋਰਟ ਵਿੱਚ ਅਪੀਲ ਕਰਨ ਦਾ ਅਧਿਕਾਰ ਹੈ। ਸਰਕਾਰੀ ਪੱਖ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ, ਜਦੋਂ ਕਿ ਬਚਾਅ ਪੱਖ ਨੇ ਸਜ਼ਾ ਘੱਟ ਕਰਨ ਦੀ ਦਲੀਲ ਦਿੱਤੀ ਸੀ। ਦੋਸ਼ੀਆਂ ਵਿਚ ਪ੍ਰਮਿਲਾ ਮੋਡੀਆਮ, ਸੁਮਿਤਰਾ ਪੁਨੇਮ, ਕੋਸਾ ਕਵਾਸੀ, ਮੁੱਕਾ ਮਾਂਡਵੀ, ਮੜਕਾਮੀ ਦੇਵਾ, ਆਇਤ ਮਰਕਾਮ, ਬਜਾਮੀ ਸੇਨਾ, ਚੈਤੂ ਲੇਕਾਮ, ਜੋਗਾ ਮੜਕਾਮੀ, ਮਹਾਦੇਵ ਨਾਗਾ ਦਾ ਨਾਮ ਸ਼ਾਮਲ ਹੈ।
ਸਾਰੇ ਦੋਸ਼ੀ ਹੁਣ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਅਦਾਲਤ ਨੇ ਕੁੱਲ 11 ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਕੀਤੀ ਸੀ। ਮੁਕੱਦਮੇ ਦੌਰਾਨ ਇੱਕ ਮੁਲਜ਼ਮ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਅਦਾਲਤ ਨੇ ਬਾਕੀ 10 ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਜਾਰੀ ਰੱਖੀ। ਰਾਸ਼ਟਰੀ ਜਾਂਚ ਏਜੰਸੀ ਨੇ ਸਾਲ 2015 ਵਿੱਚ ਲਗਭਗ 1000 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕੀਤੀ ਸੀ। ਸਰਕਾਰੀ ਪੱਖ ਨੇ ਮੁਲਜ਼ਮਾਂ ਦਾ ਦੋਸ਼ ਸਾਬਤ ਕਰਨ ਲਈ ਪੂਰੀ ਸੁਣਵਾਈ ਦੌਰਾਨ 101 ਗਵਾਹਾਂ ਦੇ ਬਿਆਨ ਦਰਜ ਕਰਵਾਏ ਸਨ। ਉੱਥੇ ਹੀ, ਐੱਨ.ਆਈ.ਏ. ਦੀ ਵਿਸ਼ੇਸ਼ ਅਦਾਲਤ ਤੋਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਹੁਣ ਮਾਮਲੇ ਦੀ ਅਗਲੀ ਕਾਨੂੰਨੀ ਪ੍ਰਕਿਰਿਆ 'ਤੇ ਸਭ ਦੀਆਂ ਨਜ਼ਰਾਂ ਹਨ। ਦੋਸ਼ੀ ਪੱਖ ਫੈਸਲੇ ਦੇ ਖਿਲਾਫ ਹਾਈ ਕੋਰਟ 'ਚ ਅਪੀਲ ਦਾਇਰ ਕਰ ਸਕਦਾ ਹੈ।
