ਰੱਖਿਆ ਉਤਪਾਦਨ 1.78 ਲੱਖ ਕਰੋੜ ਦੇ ਪਾਰ ਪੁੱਜਾ, ਮੌਜੂਦਾ ਵਿੱਤੀ ਸਾਲ 'ਚ ਛੂਹਿਆ ਰਿਕਾਰਡ ਪੱਧਰ
ਨਵੀਂ ਦਿੱਲੀ/ਸ਼ਾਹ : ਭਾਰਤ ਨੇ ਰੱਖਿਆ ਉਤਪਾਦਨ ਦੇ ਖੇਤਰ ਵਿਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਦਰਅਸਲ ਪਿਛਲੇ ਵਿੱਤੀ ਸਾਲ 2025-26 ਵਿਚ ਦੇਸ਼ ਦਾ ਸਾਲਾਨਾ ਰੱਖਿਆ ਉਤਪਾਦਨ 1.78 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਏ। ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਐ। ਜੇਕਰ ਵਿੱਤੀ ਸਾਲ 2024-25 ਦੀ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਿਚ 15.6 ਫ਼ੀਸਦ ਦਾ ਵਧਾ ਹੋਇਆ ਹੈ। ਉੇਸ ਸਮੇਂ ਇਹ ਅੰਕੜਾ 1.54 ਲੱਖ ਕਰੋੜ ਰੁਪਏ ਸੀ। ਰੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ :
ਕੀ ਕਹਿੰਦੇ ਰੱਖਿਆ ਮੰਤਰਾਲੇ ਦੇ ਅੰਕੜੇ?
ਸਾਲ 2020-21 ਦੇ ਮੁਕਾਬਲੇ ਰੱਖਿਆ ਉਤਪਾਦਨ ’ਚ 110 ਫ਼ੀਸਦ ਦਾ ਉਛਾਲ ਆਇਆ ਏ। ਉਸ ਸਮੇਂ ਉਤਪਾਦਨ ਸਿਰਫ਼ 84,643 ਕਰੋੜ ਰੁਪਏ ਸੀ। ਜੇਕਰ ਅਸੀਂ ਸਾਲ 2013-14 ਦੀ ਗੱਲ ਕਰੀਏ ਤਾਂ ਉਸ ਸਮੇਂ ਰੱਖਿਆ ਉਤਪਾਦਨ 43,746 ਕਰੋੜ ਰੁਪਏ ਸੀ। ਇਸ ਤਰ੍ਹਾਂ ਪਿਛਲੇ ਕੁੱਝ ਸਾਲਾਂ ਵਿਚ ਇਹ ਲਗਭਗ ਚਾਰ ਗੁਣਾ ਵਧ ਚੁੱਕਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫ਼ਲਤਾ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾਦਾਇਕ ਅਗਵਾਈ ਨੂੰ ਦਿੱਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਸਾਂਝੀ ਕਰਦਿਆਂ ਰੱਖਿਆ ਉਤਪਾਦਨ ਵਿਭਾਗ ਦੇ ਨਾਲ-ਨਾਲ ਸਰਕਾਰੀ ਅਤੇ ਨਿੱਜੀ ਖੇਤਰਾਂ ਦੀਆਂ ਕੋਸ਼ਿਸ਼ਾਂ ਦੀ ਜਮ ਕੇ ਤਾਰੀਫ਼ ਕੀਤੀ। ਉਨ੍ਹਾਂ ਆਖਿਆ :
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀ ਆਖਿਆ?
‘‘ਇਹ ਵਾਧਾ ਦੇਸ਼ ਦੇ ਮਜ਼ਬੂਤ ਹੁੰਦੇ ਰੱਖਿਆ ਉਦਯੋਗਿਕ ਆਧਾਰ ਦਾ ਸਾਫ਼ ਸੰਕੇਤ ਐ। ਸਰਕਾਰ ਦੀਆਂ ਨੀਤੀਆਂ, ਨਵੀਂਆਂ ਪਹਿਲਕਦਮੀਆਂ ਅਤੇ ਨਿੱਜੀ ਖੇਤਰ ਦੀ ਵਧਣੀ ਹਿੱਸੇਦਾਰੀ ਨਾਲ ਆਉਣ ਵਾਲੇ ਸਾਲਾਂ ਵਿਚ ਇਸ ਖੇਤਰ ਵਿਚ ਹੋਰ ਵੀ ਤੇਜ਼ੀ ਆਵੇਗੀ।’’ ਇਸ ਕੁੱਲ ਉਤਪਾਦਨ ਵਿਚ ਸਰਕਾਰੀ ਕੰਪਨੀਆਂ ਦੀ ਹਿੱਸੇਦਾਰੀ ਲਗਭਗ 76 ਫ਼ੀਸਦ ਰਹੀ,, ਉਥੇ ਹੀ ਨਿੱਜੀ ਖੇਤਰ ਦਾ ਯੋਗਦਾਨ 24 ਫ਼ੀਸਦ ਰਿਹਾ। ਪਿਛਲੇ ਸਾਲ ਨਿੱਜੀ ਖੇਤਰ ਦੀ ਹਿੱਸੇਦਾਰੀ 22 ਫ਼ੀਸਦ ਸੀ। ਵਿੱਤੀ ਸਾਲ 2025-26 ’ਚ ਨਿੱਜੀ ਖੇਤਰ ਨੇ ਕਰੀਬ 42000 ਕਰੋੜ ਰੁਪਏ ਦਾ ਉਤਪਾਦਨ ਕੀਤਾ ਜੋ ਹੁਣ ਤੱਕ ਦਾ ਸਭ ਤੋਂ ਉਚਾ ਪੱਧਰ ਐ ਜੋ ਇਹ ਦਿਖਾਉਂਦਾ ਏ ਕਿ ਰੱਖਿਆ ਖੇਤਰ ਵਿਚ ਨਿੱਜੀ ਕੰਪਨੀਆਂ ਹੁਣ ਪਹਿਲਾਂ ਤੋਂ ਜ਼ਿਆਦਾ ਸਰਗਰਮ ਭੂਮਿਕਾ ਨਿਭਾਅ ਰਹੀਆਂ ਨੇ। ਜੇਕਰ ਭਾਰਤ ਸਮੇਤ ਕੁੱਝ ਹੋਰ ਪ੍ਰਮੁੱਖ ਦੇਸ਼ਾਂ ਦੇ ਰੱਖਿਆ ਬਜਟ ’ਤੇ ਝਾਤ ਮਾਰੀ ਜਾਵੇ ਤਾਂ :
ਕੁੱਝ ਪ੍ਰਮੁੱਖ ਦੇਸ਼ਾਂ ਦੇ ਰੱਖਿਆ ਬਜਟ
ਦੇਸ਼ ਅਨੁਮਾਨਿਤ ਰੱਖਿਆ ਬਜਟ
- ਅਮਰੀਕਾ : 79 ਲੱਖ ਕਰੋੜ ਰੁਪਏ
- ਚੀਨ : 28 ਲੱਖ ਕਰੋੜ ਰੁਪਏ
- ਰੂਸ : 12 ਲੱਖ 50 ਹਜ਼ਾਰ ਕਰੋੜ ਰੁਪਏ
- ਭਾਰਤ : 7 ਲੱਖ 81 ਹਜ਼ਾਰ ਕਰੋੜ ਰੁਪਏ
- ਜਰਮਨੀ : 7 ਲੱਖ 15 ਹਜ਼ਾਰ ਕਰੋੜ ਰੁਪਏ
- ਸਾਊਦੀ ਅਰਬ : 6 ਲੱਖ 57 ਹਜ਼ਾਰ ਕਰੋੜ ਰੁਪਏ
- ਜਪਾਨ : 5 ਲੱਖ 15 ਹਜ਼ਾਰ ਕਰੋੜ ਰੁਪਏ
- ਆਸਟ੍ਰੇਲੀਆ : 4 ਲੱਖ 57 ਹਜ਼ਾਰ ਕਰੋੜ ਰੁਪਏ
- ਪਾਕਿਸਤਾਨ : 91 ਹਜ਼ਾਰ ਕਰੋੜ ਰੁਪਏ
ਦੱਸ ਦਈਏ ਕਿ ਵਿੱਤੀ ਸਾਲ 2025-26 ਵਿਚ ਭਾਰਤ ਨੇ 38424 ਕਰੋੜ ਰੁਪਏ ਦੀ ਰਿਕਾਰਡ ਰੱਖਿਆ ਬਰਾਮਦ ਕੀਤੀ,, ਯਾਨੀ ਦੂਜੇ ਦੇਸ਼ਾਂ ਨੂੰ ਰੱਖਿਆ ਉਤਪਾਦ ਵੇਚੇ,, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਆਤਮ ਨਿਰਭਰ ਭਾਰਤ ਮਿਸ਼ਨ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹੈ। ਭਾਰਤ ਹੁਣ ਰੱਖਿਆ ਉਪਕਰਨਾਂ ਦੇ ਨਿਰਮਾਣ ਵਿਚ ਖ਼ੁਦ ਨੂੰ ਆਤਮ ਨਿਰਭਰ ਬਣਾਉਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
