ਪਤਨੀ ਕਾਜਲ ਅਤੇ ਪ੍ਰੇਮੀ ਯੋਗਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫਰੀਦਾਬਾਦ : ਫ਼ਰੀਦਾਬਾਦ ਦੀ ਸ਼ਿਆਮ ਕਾਲੋਨੀ ਪਾਰਟ-1 ਵਿੱਚ ਵੀਰਵਾਰ ਦੇਰ ਰਾਤ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ । ਵਾਰਦਾਤ ਸਮੇਂ ਜੋੜੇ ਦੇ ਬੱਚੇ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ । ਸ਼ੁੱਕਰਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਫ਼ਰੀਦਾਬਾਦ ਪਹੁੰਚਣ 'ਤੇ ਗੋਪਾਲ ਦੇ ਕਤਲ ਦਾ ਖੁਲਾਸਾ ਹੋਇਆ। ਪੱਲਾ ਥਾਨਾ ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਪਤਨੀ ਕਾਜਲ ਅਤੇ ਉਸ ਦੇ ਪ੍ਰੇਮੀ ਯੋਗਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ । ਲਾਸ਼ ਨੂੰ ਪੋਸਟਮਾਰਟਮ ਲਈ ਬੀ.ਕੇ. ਹਸਪਤਾਲ ਭੇਜ ਦਿੱਤਾ ਗਿਆ। ਗੋਪਾਲ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਕੁੰਵਰਪੁਰ ਪਿੰਡ ਦਾ ਰਹਿਣ ਵਾਲਾ ਸੀ । ਉਹ ਪਿਛਲੇ ਕਰੀਬ 18 ਤੋਂ 20 ਸਾਲਾਂ ਤੋਂ ਫ਼ਰੀਦਾਬਾਦ ਵਿੱਚ ਰਹਿ ਰਿਹਾ ਸੀ ਅਤੇ ਡੀ.ਐੱਲ.ਐੱਫ. ਇੰਡਸਟਰੀਅਲ ਏਰਿਆ ਸਥਿਤ ਇੱਕ ਫ਼ੈਕਟਰੀ ਵਿੱਚ ਮਸ਼ੀਨ ਆਪਰੇਟਰ ਦੀ ਨੌਕਰੀ ਕਰਦਾ ਸੀ। ਪੁਲਿਸ ਮੁਤਾਬਕ ਕਾਜਲ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਯੋਗਿੰਦਰ ਦੇ ਸੰਪਰਕ ਵਿੱਚ ਸੀ । ਯੋਗਿੰਦਰ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਹਿਲਵਾਨੀ ਕਰਦਾ ਹੈ । ਦੋਸ਼ ਹੈ ਕਿ ਕਾਜਲ ਨੇ ਪਤੀ ਦੇ ਕਤਲ ਲਈ ਉਸ ਨੂੰ ਪਿੰਡੋਂ ਫ਼ਰੀਦਾਬਾਦ ਸੱਦਿਆ ਸੀ।
ਗੋਪਾਲ ਦੇ ਕਤਲ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਸ ਦੀ ਧੀ ਸ਼ਾਲਿਨੀ ਨੇ ਫ਼ੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਪਿਤਾ ਦੀ ਤਬੀਅਤ ਖ਼ਰਾਬ ਹੋਣ ਦੀ ਜਾਣਕਾਰੀ ਦਿੱਤੀ। ਵੀਰਵਾਰ ਦੇਰ ਸ਼ਾਮ ਸ਼ਾਲਿਨੀ ਨੇ ਗੋਪਾਲ ਦੇ ਭਰਾ ਭੂਰਾ ਅਤੇ ਅਸ਼ੋਕ ਨੂੰ ਫ਼ੋਨ ਕਰਕੇ ਜਲਦੀ ਫ਼ਰੀਦਾਬਾਦ ਆਉਣ ਲਈ ਕਿਹਾ। ਸੂਚਨਾ ਮਿਲਣ 'ਤੇ ਪਰਿਵਾਰਕ ਮੈਂਬਰ ਸ਼ਿਆਮ ਕਾਲੋਨੀ ਸਥਿਤ ਮਕਾਨ 'ਤੇ ਪਹੁੰਚੇ ਤਾਂ ਗੋਪਾਲ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਮਿਲੀ। ਉਸ ਦੀ ਗਰਦਨ 'ਤੇ ਚਾਕੂ ਨਾਲ ਵਾਰ ਦੇ ਨਿਸ਼ਾਨ ਸਨ। ਗੋਪਾਲ ਦੇ ਭਰਾ ਭੂਰਾ ਨੇ ਦੱਸਿਆ ਕਿ ਕਾਜਲ ਦੋ ਦਿਨ ਪਹਿਲਾਂ ਹੀ ਪਿੰਡੋਂ ਫ਼ਰੀਦਾਬਾਦ ਆਈ ਸੀ। ਉਸ ਦੇ ਨਾਲ ਸ਼ਾਲਿਨੀ ਵੀ ਸੀ।
ਪੱਲਾ ਥਾਨਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਕਾਜਲ ਤੋਂ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਪੁੱਛਗਿੱਛ ਦੌਰਾਨ ਕਾਜਲ ਨੇ ਯੋਗਿੰਦਰ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਪੱਲਾ ਥਾਨਾ ਇੰਚਾਰਜ ਸੱਤਿਆ ਪ੍ਰਕਾਸ਼ ਅਨੁਸਾਰ ਮਾਮਲੇ ਵਿੱਚ ਕਾਜਲ ਅਤੇ ਯੋਗਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਵਾਰਦਾਤ ਸਮੇਂ ਗੋਪਾਲ ਅਤੇ ਕਾਜਲ ਇੱਕ ਕਮਰੇ ਵਿੱਚ ਸਨ, ਜਦੋਂ ਕਿ ਬੱਚੇ ਦੂਜੇ ਕਮਰੇ ਵਿੱਚ ਸੁੱਤੇ ਪਏ ਸਨ। ਦੋਸ਼ ਹੈ ਕਿ ਇਸੇ ਦੌਰਾਨ ਕਾਜਲ ਨੇ ਯੋਗਿੰਦਰ ਨੂੰ ਕਮਰੇ ਵਿੱਚ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਗੋਪਾਲ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਯੋਗਿੰਦਰ ਉੱਥੋਂ ਫਰਾਰ ਹੋ ਗਿਆ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
