ਦੇਸ਼ ਦੇ ਨਾਂ ਅਪਣੇ ਸੰਬੋਧਨ ’ਚ ਕਾਂਗਰਸ ਦੀ ਰੱਜ ਕੇ ਨਿਖੇਧੀ ਕੀਤੀ
ਕਿਹਾ, ਵਿਰੋਧੀ ਧਿਰ ਨੇ ਰਾਖਵਾਂਕਰਨ ਬਿਲ ਰੋਕ ਕੇ ਔਰਤਾਂ ਦੇ ਸੁਪਨੇ ਦਰੜੇ
ਨਵੀਂ ਦਿੱਲੀ : ਮਹਿਲਾ ਰਾਖਵਾਂਕਰਨ ਬਿਲ ਦੇ ਲੋਕ ਸਭਾ ਵਿਚ ਪਾਸ ਨਾ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਉਹ ਦੇਸ਼ ਦੀਆਂ ਔਰਤਾਂ ਦੇ ਹੱਕ ਲਈ ਇਹ ਲੜਾਈ ਜਾਰੀ ਰਖਣਗੇ। ਦੇਸ਼ ਦੇ ਨਾਂ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਵੇਖ ਰਿਹਾ ਹੈ ਕਿ ਸਾਡੀਆਂ ਮਹਿਲਾਵਾਂ ਦੇ ਸੁਪਨੇ ਕਿਵੇਂ ਦਰੜੇ ਗਏ ਹਨ। ਉਨ੍ਹਾਂ ਨੇ ਸਾਰੀਆਂ ਮਹਿਲਾਵਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ‘‘ਇਹ ਲੜਾਈ ਰੁਕ ਗਈ ਹੈ, ਪਰ ਸਾਡਾ ਸੰਕਲਪ ਅਟੱਲ ਹੈ।’’
ਮੋਦੀ ਨੇ ਵਿਰੋਧੀ ਪਾਰਟੀਆਂ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਨੇ ਕਿਹਾ, ‘‘ਕਾਂਗਰਸ, ਟੀ.ਐਮ.ਸੀ., ਡੀ.ਐਮ.ਕੇ. ਅਤੇ ਸਮਾਜਵਾਦੀ ਪਾਰਟੀ ਨੇ ਮਹਿਲਾਵਾਂ ਦੀ ਤਾਕਤ ਦਾ ਗਰਭਪਾਤ ਕੀਤਾ ਹੈ। ਇਹ ਪਾਪ ਹੈ ਅਤੇ ਇਸ ਦੀ ਸਜ਼ਾ ਜ਼ਰੂਰ ਮਿਲੇਗੀ।’’ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਮੋਦੀ ਨੇ ਕਿਹਾ ਕਿ ਔਰਤਾਂ ਨੇ ਵੇਖਿਆ ਹੈ ਕਿ ਕਿਵੇਂ ਕਾਂਗਰਸ, ਤਿ੍ਰਣਮੂਲ ਕਾਂਗਰਸ ਅਤੇ ਡੀ.ਐਮ.ਕੇ. ਵਰਗੀਆਂ ਪਾਰਟੀਆਂ ਨੇ ਔਰਤਾਂ ਦੇ ਮਜ਼ਬੂਤੀਕਰਨ ਵਿਰੁਧ ਅਪਣੀ ਸੁਆਰਥੀ ਸਿਆਸਤ ਦਾ ਜਸ਼ਨ ਮਨਾਇਆ। ਉਨ੍ਹਾਂ ਕਿਹਾ, ‘‘ਵਿਰੋਧੀ ਧਿਰ ਨੇ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰ ਕੇ ਪਾਪ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ। ਵਿਰੋਧੀ ਪਾਰਟੀਆਂ ਨੇ ਬਿਲ ਨੂੰ ਹਰਾ ਕੇ ਸਾਡੇ ਸੰਵਿਧਾਨ ਦਾ ਅਪਮਾਨ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਇਹ ਬਿਲ ਕਿਸੇ ਤੋਂ ਕੁੱਝ ਖੋਹਣ ਲਈ ਨਹੀਂ ਸੀ, ਸਗੋਂ ਮਹਿਲਾ ਸ਼ਕਤੀ ਨੂੰ ਖੰਭ ਲਗਾਉਣ ਲਈ ਸੀ।’’ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਖਾਸ ਤੌਰ ’ਤੇ ਨਿਸ਼ਾਨਾ ਵਿੰਨਿ੍ਹਆ ਅਤੇ ਕਿਹਾ, ‘‘ਮੈਂ ਉਮੀਦ ਕਰਦਾ ਸੀ ਕਿ ਕਾਂਗਰਸ ਅਪਣੀਆਂ ਪੁਰਾਣੀਆਂ ਗਲਤੀਆਂ ਸੁਧਾਰੇਗੀ, ਪਰ ਉਨ੍ਹਾਂ ਨੇ ਇਤਿਹਾਸ ਬਣਾਉਣ ਦਾ ਮੌਕਾ ਗੁਆ ਦਿਤਾ। ਪਰਵਾਰ ਵਲੋਂ ਚਲਾਈਆਂ ਜਾ ਰਹੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਮਹਿਲਾਵਾਂ ਅੱਗੇ ਵਧਣ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਵਾਰਥੀ ਸਿਆਸਤ ਖ਼ਤਮ ਹੋ ਜਾਵੇਗੀ।’’
ਮੋਦੀ ਨੇ ਕਿਹਾ, ‘‘ਇਕ ਔਰਤ ਸੱਭ ਕੁੱਝ ਭੁੱਲ ਸਕਦੀ ਹੈ, ਪਰ ਅਪਣਾ ਅਪਮਾਨ ਨਹੀਂ। ਇਹ ਅਪਮਾਨ ਹਰ ਮਹਿਲਾ ਦੇ ਦਿਲ ਵਿਚ ਰਹੇਗਾ।’’ ਉਨ੍ਹਾਂ ਨੇ ਜ਼ੋਰ ਦਿਤਾ ਕਿ ‘‘ਨਾਰੀ ਸ਼ਕਤੀ ਵੰਦਨ ਸੋਧ ਐਕਟ ਸਮੇਂ ਦੀ ਲੋੜ ਸੀ, ਜੋ ਉੱਤਰ, ਦੱਖਣ, ਪੂਰਬ ਅਤੇ ਪੱਛਮ ਵਿਚ ਸੰਤੁਲਿਤ ਸਸ਼ਕਤੀਕਰਨ ਲਈ ਇਕ ਇਮਾਨਦਾਰ ਯਤਨ ਸੀ।’’
ਅੰਤ ਵਿਚ ਮੋਦੀ ਨੇ ਕਿਹਾ, ‘‘ਭਾਵੇਂ ਸਾਨੂੰ 66% ਵੋਟਾਂ ਨਹੀਂ ਮਿਲੀਆਂ, ਪਰ ਮੈਨੂੰ ਪਤਾ ਹੈ ਕਿ ਮਹਿਲਾਵਾਂ ਦੀਆਂ ਅਸੀਸਾਂ ਮੇਰੇ ਨਾਲ ਹਨ। ਅਸੀਂ ਅਪਣੀ ਲੜਾਈ ਜਾਰੀ ਰੱਖਾਂਗੇ।’’
