ਕਿਹਾ, ਮਹਿਲਾ ਬਿਲ ਦੇ ਪਿੱਛੇ ਸੀ ‘ਸੀਟਾਂ ਦੀ ਹੇਰਾਫੇਰੀ’
ਤਿਰੁਚਿਰਾਪੱਲੀ/ਰਾਣੀਪੇਟ : ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਤਾਮਿਲਨਾਡੂ ਵਿਚ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ‘‘ਮਹਿਲਾ ਰਿਜ਼ਰਵੇਸ਼ਨ ਬਿਲ ਦੇ ਨਾਮ ’ਤੇ ਦੇਸ਼ ਨੂੰ ਝੂਠ ਬੋਲਿਆ ਗਿਆ, ਜਿਸ ਦਾ ਅਸਲ ਮਕਸਦ ਸੀਟਾਂ ਦੀ ਹੇਰਾਫੇਰੀ ਕਰ ਕੇ ‘ਅਸਾਮ ਅਤੇ ਜੰਮੂ-ਕਸ਼ਮੀਰ ਮਾਡਲ’ ਨੂੰ ਦੇਸ਼ ਭਰ ਵਿਚ ਲਾਗੂ ਕਰਨਾ ਸੀ।’’
ਰਾਹੁਲ ਨੇ ਏ.ਆਈ.ਏ.ਡੀ.ਐਮ.ਕੇ. ਨੂੰ ‘‘ਭਾਜਪਾ ਦਾ ਨਕਾਬ’’ ਕਰਾਰ ਦਿੰਦੇ ਹੋਏ ਕਿਹਾ ਕਿ ‘‘ਮੋਦੀ ਅਤੇ ਸ਼ਾਹ ਤਾਮਿਲਨਾਡੂ ਵਿਚ ਇਕ ਐਸਾ ਮੁੱਖ ਮੰਤਰੀ ਬਿਠਾਉਣਾ ਚਾਹੁੰਦੇ ਹਨ ਜੋ ਸੂਬੇ ਨੂੰ ਵੇਚ ਦੇਵੇ ਅਤੇ ਦਿੱਲੀ ਦੇ ਹੁਕਮਾਂ ’ਤੇ ਚੱਲੇ।’’ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਮਨੋਰਥ ਸੀ ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਨੂੰ ਹਟਾ ਕੇ ਇਕ ‘‘ਪੁਤਲਾ’’ ਮੁੱਖ ਮੰਤਰੀ ਬਣਾਉਣਾ।
ਰਾਹੁਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ, ‘‘ਮੈਂ ਦਿੱਲੀ ਵਿਚ ਤੁਹਾਡਾ ਸਿਪਾਹੀ ਹਾਂ। ਤਾਮਿਲਨਾਡੂ ਦੀਆਂ ਜ਼ਰੂਰਤਾਂ ਲਈ ਮੈਂ ਲੜਾਂਗਾ।’’ ਉਨ੍ਹਾਂ ਨੇ ਕਿਹਾ ਕਿ ਇਹ ਚੋਣ ਬੀ.ਜੇ.ਪੀ.-ਆਰ.ਐੱਸ.ਐੱਸ. ਨੂੰ ਰਾਜ ਵਿਚ ਦਾਖਲ ਹੋਣ ਤੋਂ ਰੋਕਣ ਲਈ ਹੈ। ਰਾਣੀਪੇਟ ਵਿਚ ਰਾਹੁਲ ਨੇ ਸੰਸਦ ਵਿਚ ਹਾਲ ਹੀ ਵਿਚ ਹਾਰੇ ਬਿਲ ’ਤੇ ਕਿਹਾ ਕਿ ‘‘ਭਾਜਪਾ ਦਾ ਅਸਲ ਮਨੋਰਥ ਦਖਣੀ ਅਤੇ ਉੱਤਰੀ-ਪੂਰਬੀ ਸੂਬਿਆਂ ਦੀਆਂ ਸੀਟਾਂ ਘਟਾਉਣਾ ਸੀ। ਇਹ ਇਕ ਦੇਸ਼-ਵਿਰੋਧੀ ਕਦਮ ਸੀ।’’
ਉਨ੍ਹਾਂ ਨੇ ਮੋਦੀ ’ਤੇ ਵਿਦੇਸ਼ੀ ਪ੍ਰਭਾਵਾਂ ਦੇ ਅਧੀਨ ਹੋਣ ਦੇ ਇਲਜ਼ਾਮ ਵੀ ਲਗਾਏ ਅਤੇ ਕਿਹਾ, ‘‘ਸਟਾਲਿਨ ਸੁਤੰਤਰ ਹੈ, ਇਸ ਲਈ ਮੋਦੀ ਉਸ ’ਤੇ ਦਬਾਅ ਨਹੀਂ ਬਣਾ ਸਕਦੇ। ਇਸੇ ਕਰ ਕੇ ਉਹ ਏ.ਆਈ.ਏ.ਡੀ.ਐਮ.ਕੇ. ਨੂੰ ਅੱਗੇ ਕਰ ਕੇ ਰਾਜ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।’’ ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ, ‘‘ਆਰ.ਐੱਸ.ਐੱਸ.-ਭਾਜਪਾ ਦੇ ਹਮਲੇ ਨੂੰ ਰੋਕੋ। ਤਾਮਿਲ ਭਾਸ਼ਾ, ਇਤਿਹਾਸ ਅਤੇ ਸੰਸਕ੍ਰਿਤੀ ’ਤੇ ਕੋਈ ਤਾਕਤ ਹੱਥ ਨਹੀਂ ਪਾ ਸਕਦੀ।’’
