ਇਕ ’ਤੇ ਗੋਲੀਬਾਰੀ, ਸਿਰਫ਼ ਇਕ ਹੀ ਲੰਘ ਸਕਿਆ
ਨਵੀਂ ਦਿੱਲੀ : ਇਰਾਨੀ ਰਿਵੋਲੂਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ.) ਨੇ ਸਨਿਚਰਵਾਰ ਨੂੰ 14 ਭਾਰਤ-ਗਾਮੀ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂਮੱਧ ’ਚ ਰੋਕ ਦਿਤਾ। ਸਰਕਾਰੀ ਸੂਤਰਾਂ ਅਨੁਸਾਰ, ਦੋ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ ਗਈ, ਜਿਸ ਕਾਰਨ 13 ਜਹਾਜ਼ ਵਾਪਸ ਪਰਸ਼ੀਅਨ ਖਾੜੀ ਵਲ ਮੁੜ ਗਏ।
ਇਕ ਭਾਰਤੀ ਝੰਡੇ ਵਾਲਾ ਜਹਾਜ਼, ਜੋ ਕੱਚਾ ਤੇਲ ਲੈ ਕੇ ਜਾ ਰਿਹਾ ਸੀ, ਗੋਲੀਆਂ ਨਾਲ ਖਿੜਕੀ ਟੁੱਟਣ ਕਾਰਨ ਸਫ਼ਰ ਰੋਕਣ ਲਈ ਮਜਬੂਰ ਹੋਇਆ। ਦੂਜੇ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ, ਪਰ ਵੇਰਵੇ ਸਪਸ਼ਟ ਨਹੀਂ ਹਨ। ਹਾਲਾਂਕਿ, ਇਕ ਹੋਰ ਹਿੰਦੁਸਤਾਨ ਪਟਰੌਲ ਅਮ ਕਾਰਪੋਰੇਸ਼ਨ ਲਿਮਿਟਡ ਲਈ ਕੱਚਾ ਤੇਲ ਲੈ ਕੇ ਜਾ ਰਿਹਾ ਜਹਾਜ਼ ਸਫਲਤਾਪੂਰਵਕ ਜਲਡਮਰੂਮੱਧ ਪਾਰ ਕਰ ਗਿਆ ਅਤੇ ਹੁਣ ਭਾਰਤ ਵਲ ਰਵਾਨਾ ਹੈ।
ਸੂਤਰਾਂ ਨੇ ਦਸਿਆ ਕਿ ਦੋ ਇਰਾਨੀ ਗੰਨਬੋਟਾਂ ਨੇ ਬਿਨਾਂ ਚੇਤਾਵਨੀ ਦੇ ਜਹਾਜ਼ ’ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਹੋਰ ਜਹਾਜ਼ ਡਰ ਕੇ ਵਾਪਸ ਮੁੜ ਗਏ। ਇਹ ਘਟਨਾ ਓਮਾਨ ਤੋਂ 37 ਕਿਲੋਮੀਟਰ ਉੱਤਰ-ਪੂਰਬ ਵਿਚ ਹੋਈ। ਰੀਪੋਰਟਾਂ ਅਨੁਸਾਰ, 14 ਜਹਾਜ਼ਾਂ ’ਚੋਂ 7 ਭਾਰਤੀ ਝੰਡੇ ਵਾਲੇ, 4 ਲਾਇਬੇਰੀਆ, 2 ਮਾਰਸ਼ਲ ਆਈਲੈਂਡਸ ਅਤੇ 1 ਵਿਅਤਨਾਮ ਦੇ ਸਨ। ਇਨ੍ਹਾਂ ’ਚੋਂ 6 ਕੱਚਾ ਤੇਲ, 3 ਐਲ.ਪੀ.ਜੀ. ਅਤੇ 4 ਖਾਦਾਂ ਲੈ ਕੇ ਜਾ ਰਹੇ ਸਨ। ਭਾਰਤੀ ਸਰਕਾਰ ਇਰਾਨੀ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ ਤਾਂ ਜੋ ਫਸੇ ਜਹਾਜ਼ਾਂ ਦੀ ਸੁਰੱਖਿਅਤ ਯਾਤਰਾ ਯਕੀਨੀ ਬਣਾਈ ਜਾ ਸਕੇ।
ਇਹ ਟਕਰਾਅ ਉਸ ਵੇਲੇ ਵਧ ਗਿਆ ਜਦੋਂ ਇਰਾਨ ਨੇ ਜਲਡਮਰੂਮੱਧ ਨੂੰ ਮੁੜ ਬੰਦ ਕਰ ਦਿਤਾ ਅਤੇ ਕਿਹਾ ਕਿ ਜਦ ਤਕ ਅਮਰੀਕੀ ਨਾਕਾਬੰਦੀ ਜਾਰੀ ਰਹੇਗੀ, ਉਹ ਵੀ ਜਹਾਜ਼ਾਂ ਦੀ ਆਵਾਜਾਈ ਰੋਕਦੇ ਰਹਿਣਗੇ। ਹੋਰਮੁਜ਼ ਜਲਡਮਰੂਮੱਧ, ਜਿਸ ਰਾਹੀਂ ਦੁਨੀਆਂ ਦੇ ਲਗਭਗ 20% ਤੇਲ ਦੀ ਸਪਲਾਈ ਹੁੰਦੀ ਹੈ, ’ਤੇ ਇਹ ਸੰਕਟ ਗਲੋਬਲ ਊਰਜਾ ਸੰਕਟ ਨੂੰ ਹੋਰ ਗੰਭੀਰ ਕਰ ਸਕਦਾ ਹੈ।
