'ਸਾਈਬਰ ਅਪਰਾਧੀਆਂ ਲਈ ਸਾਨੂੰ ਬਹੁਤ ਸਖ਼ਤ ਹੋਣਾ ਪਵੇਗਾ'
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਸਾਈਬਰ ਅਪਰਾਧੀ ‘ਪਰਜੀਵੀ’ ਹਨ ਜੋ ਮਾਸੂਮ ਨਿਵੇਸ਼ਕਾਂ ਦਾ ਪੈਸਾ ਖੋਹ ਕੇ ਉਨ੍ਹਾਂ ਨੂੰ ਠੱਗਦੇ ਹਨ ਅਤੇ ਸਾਨੂੰ ਉਨ੍ਹਾਂ ਨਾਲ ਬਹੁਤ ਸਖ਼ਤੀ ਨਾਲ ਪੇਸ਼ ਆਉਣਾ ਪਵੇਗਾ।
ਇਹ ਟਿਪਣੀਆਂ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਵਲੋਂ ਕੀਤੀਆਂ ਗਈਆਂ, ਜੋ ਇਕ ਵਿਅਕਤੀ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਕਰ ਰਹੇ ਸਨ, ਜਿਸ ਵਿਚ ਉਸ ਨੇ ਵੱਖ-ਵੱਖ ਸੂਬਿਆਂ ਵਿਚ ਅਪਣੇ ਵਿਰੁਧ ਦਰਜ ਕੁੱਝ ਐਫ.ਆਈ.ਆਰ. ਨੂੰ ਇਕੱਠਾ ਕਰਨ ਦੀ ਮੰਗ ਕੀਤੀ ਸੀ। ਚੀਫ਼ ਜਸਟਿਸ ਨੇ ਕਿਹਾ, ‘‘ਤੁਸੀਂ ਲੋਕ (ਸਾਈਬਰ ਅਪਰਾਧੀ) ਪਰਜੀਵੀ ਹੋ, ਜੋ ਮਾਸੂਮ ਨਿਵੇਸ਼ਕਾਂ ਤੋਂ ਪੈਸੇ ਲੈਂਦੇ ਹੋ ਅਤੇ ਉਨ੍ਹਾਂ ਨੂੰ ਠੱਗਦੇ ਹੋ।
ਸਾਈਬਰ ਅਪਰਾਧੀਆਂ ਲਈ ਸਾਨੂੰ ਬਹੁਤ ਸਖ਼ਤ ਹੋਣਾ ਪਵੇਗਾ।’’ ਚੀਫ਼ ਜਸਟਿਸ ਨੇ ਅੱਗੇ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਭਾਰਤ ਵਿਚ ਫੈਲੇ ਹੋਏ ਹਨ। ਉਨ੍ਹਾਂ ਕਿਹਾ, ‘‘ਤੁਸੀਂ ਤਾਮਿਲਨਾਡੂ ਵਿਚ ਕਿਸੇ ਨੂੰ ਠੱਗਦੇ ਹੋ, ਫਿਰ ਤੁਸੀਂ ਜੰਮੂ-ਕਸ਼ਮੀਰ ਜਾਂਦੇ ਹੋ ਅਤੇ ਫਿਰ ਉੱਤਰ-ਪੂਰਬ ਵਲ।’’ ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਜ ਦੇ ਹਿੱਤ ਵਿਚ ਹੋਵੇਗਾ ਕਿ ਸਾਈਬਰ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਰੱਖਿਆ ਜਾਵੇ। (ਪੀ.ਟੀ.ਆਈ)
