ਭਾਜਪਾ ਸਮਰਥਿਤ ਪਰਿਮਲ ਨਾਥਵਾਨੀ ਤੇ ਝਾਰਖੰਡ ਮੁਕਤੀ ਮੋਰਚਾ ਦੇ ਬੈਦਿਆਨਾਥ ਨੇ ਜਿੱਤ ਕੀਤੀ ਦਰਜ
ਨਵੀਂ ਦਿੱਲੀ : ਰਾਜ ਸਭਾ ਚੋਣਾਂ ਦੌਰਾਨ ਝਾਰਖੰਡ ਵਿੱਚ ਵੱਡਾ ਸਿਆਸੀ ਉਲਟਫੇਰ ਵੇਖਣ ਨੂੰ ਮਿਲਿਆ । ਦੋ ਸੀਟਾਂ ਲਈ ਹੋਈ ਵੋਟਿੰਗ ਵਿੱਚ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਪਰਿਮਲ ਨਾਥਵਾਨੀ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਬੈਦਿਆਨਾਥ ਰਾਮ ਨੇ ਜਿੱਤ ਦਰਜ ਕੀਤੀ।
ਇੱਕ ਸੀਟ ’ਤੇ ਝਾਰਖੰਡ ਮੁਕਤੀ ਮੋਰਚਾ ਦੀ ਜਿੱਤ ਪਹਿਲਾਂ ਹੀ ਲਗਭਗ ਤੈਅ ਮੰਨੀ ਜਾ ਰਹੀ ਸੀ, ਜਦਕਿ ਦੂਜੀ ਸੀਟ ਲਈ ਪਰਿਮਲ ਨਾਥਵਾਨੀ ਅਤੇ ਕਾਂਗਰਸ ਉਮੀਦਵਾਰ ਪ੍ਰਣਵ ਝਾ ਵਿਚਕਾਰ ਸਖ਼ਤ ਮੁਕਾਬਲਾ ਸੀ। ਕ੍ਰਾਸ ਵੋਟਿੰਗ ਕਾਰਨ ਨਾਥਵਾਨੀ ਨੂੰ 30 ਵੋਟਾਂ ਮਿਲੀਆਂ, ਜਦਕਿ ਪ੍ਰਣਵ ਝਾ ਨੂੰ 20 ਵੋਟਾਂ ਨਾਲ ਹੀ ਸੰਤੁਸ਼ਟ ਰਹਿਣਾ ਪਿਆ। ਉੱਥੇ ਹੀ ਮਿਜ਼ੋਰਮ ਦੀ ਇੱਕ ਰਾਜ ਸਭਾ ਸੀਟ ਲਈ ਹੋਈ ਚੋਣ ਵਿੱਚ ZPM ਦੇ ਉਮੀਦਵਾਰ ਕੇ. ਲਾਲਟਲੁਆਂਗਕੀਮਾ ਜੇਤੂ ਰਹੇ।
ਦੇਸ਼ ਦੇ 10 ਰਾਜਾਂ ਦੀਆਂ 24 ਰਾਜ ਸਭਾ ਸੀਟਾਂ ਲਈ ਚੋਣ ਪ੍ਰਕਿਰਿਆ ਕਰਵਾਈ ਗਈ ਸੀ। ਇਨ੍ਹਾਂ ਵਿੱਚੋਂ 8 ਰਾਜਾਂ ਦੀਆਂ 21 ਸੀਟਾਂ ’ਤੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ ਸਨ। ਬਾਕੀ 3 ਸੀਟਾਂ ਲਈ ਝਾਰਖੰਡ ਅਤੇ ਮਿਜ਼ੋਰਮ ਵਿੱਚ ਵੋਟਿੰਗ ਹੋਈ, ਜਿਸ ਦੇ ਨਤੀਜੇ ਵੀ ਐਲਾਨੇ ਗਏ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਤਮਿਲਨਾਡੂ ਦੀ ਇੱਕ-ਇੱਕ ਰਾਜ ਸਭਾ ਸੀਟ ਲਈ ਹੋਏ ਉਪਚੋਣਾਂ ਵਿੱਚ ਵੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਗਏ।
