ਵਿਦਿਆਰਥੀਆਂ ਨੂੰ ਲੈ ਕੇ ਵਾਂਗਚੁਕ ਦੀ ਚਿੰਤਾ ਨਾਲ ਸਹਿਮਤ ਹਾਂ: ਰਿਤਿਕ ਰੋਸ਼ਨ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਭੁੱਖ ਹੜਤਾਲ ਕਰ ਰਹੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਲੈ ਕੇ ਵਾਂਗਚੁਕ ਦੀ ਚਿੰਤਾ ਨਾਲ ਸਹਿਮਤ ਹਨ। ਸੋਨਮ ਵਾਂਗਚੁਕ ‘ਕਾਕਰੋਚ ਜਨਤਾ ਪਾਰਟੀ’ (ਕਾਜਪਾ) ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਹਨ। ਪ੍ਰਦਰਸ਼ਨਕਾਰੀ ਨੀਟ (NEET) ਪ੍ਰੀਖਿਆ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ।
ਜੰਤਰ-ਮੰਤਰ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕਰ ਰਹੇ ਵਾਂਗਚੁਕ ਨੂੰ ਸ਼ਨੀਵਾਰ ਨੂੰ ਉਨ੍ਹਾਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਤਬੀਅਤ ਵਿਗੜਨ ਤੋਂ ਬਾਅਦ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਰੋਸ਼ਨ ਨੇ ਸ਼ੁੱਕਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਵਾਂਗਚੁਕ ਦੀ ਇੱਕ ਵੀਡੀਓ ਸਾਂਝੀ ਕੀਤੀ। ਇਸ ਵਿੱਚ ਵਾਂਗਚੁਕ ਵਿਦਿਆਰਥੀਆਂ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘‘ਤੁਸੀਂ ਕਦੋਂ ਜਾਗੋਗੇ? 20 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਉਹ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲ ਹੋਣ ਲਈ ਪੂਰੀ ਇਮਾਨਦਾਰੀ ਨਾਲ ਜ਼ਿੰਦਗੀ ਭਰ ਸਖ਼ਤ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਪ੍ਰੀਖਿਆਵਾਂ ਵਿੱਚ ਵੀ ਧਾਂਦਲੀ ਹੋ ਜਾਂਦੀ ਹੈ। ਇਹ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ।’’
ਫਿਲਮ ‘ਸੁਪਰ 30’ ਵਿੱਚ ਗਣਿਤ-ਸ਼ਾਸਤਰੀ ਅਤੇ ਅਧਿਆਪਕ ਆਨੰਦ ਕੁਮਾਰ ਦਾ ਕਿਰਦਾਰ ਨਿਭਾਉਣ ਵਾਲੇ ਰੋਸ਼ਨ ਨੇ ਕਿਹਾ ਕਿ ਉਹ ਵਾਂਗਚੁਕ ਦੀ ਗੱਲ ਨਾਲ ਸਹਿਮਤ ਹਨ।
