ਹਸਪਤਾਲ ਪ੍ਰਸ਼ਾਸਨ ਨੇ ਮੈਡੀਕਲ ਬੁਲੇਟਿਨ ਜਾਰੀ ਕਰ ਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ 'ਤੇ 21 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੂੰ ਸ਼ਨੀਵਾਰ ਸਵੇਰੇ ਪੁਲਿਸ ਚੁੱਕ ਕੇ ਸਫਦਰਜੰਗ ਹਸਪਤਾਲ ਲੈ ਗਈ। ਹਸਪਤਾਲ ਪ੍ਰਸ਼ਾਸਨ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਦੱਸਿਆ ਹੈ ਕਿ ਵਾਂਗਚੁਕ ਨੂੰ ਡੀਹਾਈਡ੍ਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ) ਹੋ ਗਈ ਹੈ, ਪਰ ਉਨ੍ਹਾਂ ਨੇ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਾਂਗਚੁਕ ਪੇਪਰ ਲੀਕ ਮਾਮਲੇ ਦੀ ਜਾਂਚ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ । ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਉਨ੍ਹਾਂ ਦਾ ਵਜ਼ਨ ਵੀ 9.5 ਕਿਲੋ ਤੱਕ ਘੱਟ ਚੁੱਕਿਆ ਹੈ । ਸਵੇਰੇ ਕਰੀਬ 7 ਵਜੇ ਪੁਲਿਸ ਸਾਦੇ ਕੱਪੜਿਆਂ ਵਿੱਚ ਪਹੁੰਚੀ ਅਤੇ ਵਾਂਗਚੁਕ ਨੂੰ ਚਿੱਟੀ ਚਾਦਰ ਵਿੱਚ ਲਪੇਟ ਕੇ ਚੁੱਕ ਕੇ ਲੈ ਗਈ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ।
ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਵਾਂਗਚੁਕ ਦਾ ਰੋਜ਼ਾਨਾ ਮੈਡੀਕਲ ਚੈੱਕਅਪ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਉਧਰ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਭੁੱਖ ਹੜਤਾਲ 'ਤੇ ਬੈਠੇ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ 'ਤੇ ਇੱਕ ਔਰਤ ਨੇ ਸਿਆਹੀ ਸੁੱਟ ਦਿੱਤੀ।
