ਹਾਈ ਕੋਰਟ ਜਾਵੇਗੀ TMC
ਕੋਲਕਾਤਾ: ਤ੍ਰਿਣਮੂਲ ਕਾਂਗਰਸ (TMC) ਦੇ ਸੀਨੀਅਰ ਨੇਤਾ ਅਭਿਸ਼ੇਕ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਤੋੜੇ ਗਏ ਪਾਰਟੀ ਦਫ਼ਤਰ ਦਾ ਨਿਰਮਾਣ ਕਾਨੂੰਨੀ ਤਰੀਕੇ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਖ਼ਰੀਦੀ ਗਈ ਸੀ ਅਤੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲੈਣ ਤੋਂ ਬਾਅਦ ਹੀ ਦਫ਼ਤਰ ਬਣਾਇਆ ਗਿਆ ਸੀ। ਬੈਨਰਜੀ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਸੱਤਾਧਾਰੀ ਭਾਜਪਾ (BJP) ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦਫ਼ਤਰ ਤੋੜੇ ਜਾਣ ਦੇ ਖ਼ਿਲਾਫ਼ ਟੀਐਮਸੀ ਕਲਕੱਤਾ ਹਾਈ ਕੋਰਟ ਦਾ ਰੁਖ਼ ਕਰੇਗੀ। ਦੱਖਣੀ 24 ਪਰਗਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਅਮਤਲਾ ਸਥਿਤ ਟੀਐਮਸੀ ਸਾਂਸਦ ਬਨਰਜੀ ਦੇ ਪਾਰਟੀ ਦਫ਼ਤਰ ਨੂੰ ਢਾਹ ਦਿੱਤਾ। ਇਸ ਸਬੰਧ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਦਫ਼ਤਰ ਕਥਿਤ ਤੌਰ 'ਤੇ ਬਿਨਾਂ ਮਨਜ਼ੂਰੀ ਦੇ ਬਣਾਇਆ ਗਿਆ ਸੀ ਅਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।
ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 2031 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਦਲੀ, ਤਾਂ ਰਾਜ ਵਿੱਚ ਭਾਜਪਾ ਦੇ ਦਫ਼ਤਰਾਂ ਨਾਲ ਵੀ ਅਜਿਹਾ ਹੀ ਹੋ ਸਕਦਾ ਹੈ।
ਬੈਨਰਜੀ ਨੇ ਕਿਹਾ, ‘‘ਸਾਡੇ ਲਈ ਪਾਰਟੀ ਦਫ਼ਤਰ ਇੱਕ ਮੰਦਰ ਵਾਂਗ ਹੈ। ਜੇਕਰ ਕਿਸੇ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਰਟੀ ਦਫ਼ਤਰ ਬਣਾਇਆ ਹੈ ਤਾਂ ਪ੍ਰਸ਼ਾਸਨ ਨੂੰ ਯਕੀਨੀ ਤੌਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ। ਪਰ ਇਹ ਸਰਕਾਰੀ ਜ਼ਮੀਨ ਨਹੀਂ ਹੈ। ਜ਼ਮੀਨ ਖ਼ਰੀਦੀ ਗਈ ਸੀ ਅਤੇ ਇਮਾਰਤ ਮਨਜ਼ੂਰਸ਼ੁਦਾ ਨਕਸ਼ੇ (ਯੋਜਨਾ) ਅਨੁਸਾਰ ਬਣਾਈ ਗਈ ਸੀ। ਇਸ ਕੋਲ ਸਾਰੀਆਂ ਵੈਧ ਮਨਜ਼ੂਰੀਆਂ ਅਤੇ ਦਸਤਾਵੇਜ਼ ਹਨ। ਅਸੀਂ ਇਹ ਸਾਰੇ ਦਸਤਾਵੇਜ਼ ਕਲਕੱਤਾ ਹਾਈ ਕੋਰਟ ਦੇ ਸਾਹਮਣੇ ਪੇਸ਼ ਕਰਾਂਗੇ।’’
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੇ ਚੀਫ਼ ਜਸਟਿਸ ਦੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਨੂੰ ਪੱਤਰ ਲਿਖਿਆ ਹੈ ਅਤੇ ਕੁਝ ਵੀਡੀਓ ਵੀ ਭੇਜੇ ਹਨ, ਜਿਨ੍ਹਾਂ ਵਿੱਚ ਪਾਰਟੀ ਦਫ਼ਤਰ ਤੋੜੇ ਜਾਣ ਦੌਰਾਨ ਭਾਜਪਾ ਵਰਕਰ ਕੰਪਲੈਕਸ ਵਿੱਚ ਭੰਨ-ਤੋੜ ਕਰਦੇ ਦਿਖਾਈ ਦੇ ਰਹੇ ਹਨ।
ਬੈਨਰਜੀ ਨੇ ਕਿਹਾ, ‘‘ਅਸੀਂ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਜਲਦੀ ਸੁਣਵਾਈ ਲਈ ਅਪੀਲ ਕਰਾਂਗੇ। ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ।’’ ਉਨ੍ਹਾਂ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਲੋਕਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਣ ਨਹੀਂ ਦਿੱਤਾ ਜਾਵੇਗਾ।
ਬੈਨਰਜੀ ਨੇ ਕਿਹਾ, ‘‘ਜੇਕਰ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਨੇਤਾ ਤੁਹਾਨੂੰ ਬਚਾ ਲੈਣਗੇ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਗਲਤ ਸਾਬਤ ਹੋਵੋਗੇ। ਕਾਨੂੰਨ ਦੇ ਹੱਥ ਇੰਨੇ ਲੰਬੇ ਹਨ ਕਿ ਉਹ ਉਨ੍ਹਾਂ ਨੂੰ ਫੜ ਸਕਦੇ ਹਨ।’’
ਟੀਐਮਸੀ ਨੇਤਾ ਨੇ ਕਿਹਾ, ‘‘ਹਰ ਕਾਰਵਾਈ ਦੀ ਇੱਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਜੇਕਰ ਮੈਂ ਜ਼ਿੰਦਾ ਰਿਹਾ ਤਾਂ ਮੈਂ ਵਾਅਦਾ ਕਰਦਾ ਹਾਂ ਕਿ 2031 ਦੀਆਂ ਚੋਣਾਂ ਤੋਂ ਬਾਅਦ ਇਸੇ ਕਾਨੂੰਨ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਇਹ ਸਭ ਵਿਆਜ ਸਮੇਤ ਵਾਪਸ ਮੋੜਾਂਗਾ।’’
ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਪ੍ਰਸ਼ਾਸਨ ਦੀ ਵਰਤੋਂ ਕਰਕੇ ਤ੍ਰਿਣਮੂਲ ਵਰਕਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਟੀਐਮਸੀ ਨੇ ਕਰੀਬ 1,000 ਪਾਰਟੀ ਵਰਕਰਾਂ ਨੂੰ ਜ਼ਮਾਨਤ ਦਿਵਾਈ ਹੈ। ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਬੈਨਰਜੀ ਨੇ ਕਿਹਾ, ‘‘ਚੋਣਾਂ ਤੋਂ ਪਹਿਲਾਂ ਇਹ ‘ਅੰਨਪੂਰਨਾ ਭੰਡਾਰ’ ਯੋਜਨਾ ਸੀ ਅਤੇ ਹੁਣ ਇਹ ‘ਬੁਲਡੋਜ਼ਰ ਮਾਡਲ’ ਹੈ। ਇਹੋ ਭਾਜਪਾ ਦਾ ਅਸਲੀ ਮਾਡਲ ਹੈ।’’
ਉਨ੍ਹਾਂ ਨੇ ਕਿਹਾ, ‘‘ਤੁਸੀਂ (ਭਾਜਪਾ) ਬੁਲਡੋਜ਼ਰ ਦੀ ਵਰਤੋਂ ਕਰਕੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਯਾਦ ਰੱਖੋ, ਇਸ ਨਾਲ ਟੀਐਮਸੀ ਕਮਜ਼ੋਰ ਨਹੀਂ ਹੋਵੇਗੀ, ਸਗੋਂ ਅਸੀਂ ਹੋਰ ਮਜ਼ਬੂਤ ਹੋਵਾਂਗੇ।’’
