ਜਾਂਚ ’ਤੇ ਉੱਠੇ ਸਵਾਲ
ਨਵੀਂ ਦਿੱਲੀ: ਏਅਰ ਇੰਡੀਆ ਏ.ਆਈ.-171 ਹਾਦਸੇ ਦੇ ਆਖਰੀ ਪਲਾਂ ਦੌਰਾਨ ਕਾਕਪਿਟ ਕਰੂ (ਪਾਇਲਟਾਂ) ਦੀਆਂ ਗਤੀਵਿਧੀਆਂ ਉਤੇ ਤਿੱਖਾ ਧਿਆਨ ਕੇਂਦਰਿਤ ਕਰਦੇ ਹੋਏ, ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐਫ਼.ਆਈ.ਪੀ.) ਨੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਆਈ.ਬੀ.) ਉਤੇ ਕਾਕਪਿਟ ਦੇ ਮਹੱਤਵਪੂਰਨ ਵੇਰਵਿਆਂ ਨੂੰ ਛੁਪਾਉਣ ਦਾ ਦੋਸ਼ ਲਗਾਇਆ ਹੈ। ਪਾਇਲਟਾਂ ਦੀ ਸੰਸਥਾ ਅਨੁਸਾਰ, ਇਹ ਵੇਰਵੇ ਸੰਕੇਤ ਦਿੰਦੇ ਹਨ ਕਿ ਕਪਤਾਨ ਸੁਮੀਤ ਸਭਰਵਾਲ ਨੇ ਐਮਰਜੈਂਸੀ ਦੌਰਾਨ ਜਹਾਜ਼ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਲਿਆ ਸੀ ਅਤੇ ਟਕਰਾਉਣ ਤੋਂ ਪਹਿਲਾਂ ਇਸ ਨੂੰ ਇਮਾਰਤਾਂ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ।
ਮੰਗਲਵਾਰ ਨੂੰ ਨਾਗਰਿਕ ਉਡਾਣ ਮੰਤਰਾਲੇ, ਏ.ਏ.ਆਈ.ਬੀ. ਅਤੇ ਸਿਵਲ ਐਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੂੰ ਭੇਜੀ ਗਈ ਇਕ ਚਿੱਠੀ ’ਚ, ਐਫ਼.ਆਈ.ਪੀ. ਦੇ ਪ੍ਰਧਾਨ ਕਪਤਾਨ ਸੀ.ਐਸ. ਰੰਧਾਵਾ ਨੇ ਦਾਅਵਾ ਕੀਤਾ ਕਿ ਕਪਤਾਨ ਸਭਰਵਾਲ ਦੀ ਮ੍ਰਿਤਕ ਦੇਹ ਨਾਲ ਜੁੜੇ ਭੌਤਿਕ ਸਬੂਤਾਂ ਅਤੇ ਕਾਕਪਿਟ ਦੇ ਮਿਆਰੀ ਐਮਰਜੈਂਸੀ ਪ੍ਰੋਟੋਕੋਲ ਨੇ ਇਸ ਗੱਲ ਉਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਕਿ ਸ਼ੁਰੂਆਤੀ ਹਾਦਸੇ ਦੀ ਰੀਪੋਰਟ ਵਿਚ ਕਾਕਪਿਟ ਦੇ ਅੰਦਰ ਕੰਟਰੋਲ ਬਦਲਣ (ਇਕ ਪਾਇਲਟ ਤੋਂ ਦੂਜੇ ਪਾਇਲਟ ਕੋਲ ਕੰਟਰੋਲ ਜਾਣ) ਦੇ ਕਿਸੇ ਵੀ ਹਵਾਲੇ ਨੂੰ ਕਥਿਤ ਤੌਰ ਉਤੇ ਕਿਉਂ ਛੱਡ ਦਿਤਾ ਗਿਆ।
ਇਕ ਮਿ੍ਰਤਕ ਮੁਸਾਫ਼ਰ ਦੇ ਰਿਸ਼ਤੇਦਾਰ ਦੇ ਹਵਾਲੇ ਨਾਲ ਚਿੱਠੀ ਵਿਚ ਲਿਖਿਆ ਗਿਆ ਕਿ, ‘‘ਉਸ ਨੇ ਵੇਖਿਆ ਕਿ ਕੈਪਟਨ ਦੀ ਲਾਸ਼ ਦਾ ਪਿਛਲਾ ਹਿੱਸਾ ਸੜ ਗਿਆ ਸੀ; ਪਰ ਸਰੀਰ ਦਾ ਅਗਲਾ ਹਿੱਸਾ ਬਿਲਕੁਲ ਠੀਕ ਸੀ ਅਤੇ ਜਹਾਜ਼ ਦਾ ਯੋਕ (ਕੰਟਰੋਲ ਵ੍ਹੀਲ) ਉਨ੍ਹਾਂ ਦੇ ਹੱਥ ਵਿਚ ਸੀ। ਇਹ ਸਾਫ਼ ਦਰਸਾਉਂਦਾ ਹੈ ਕਿ ਸਹੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ।’’
ਪਾਇਲਟਾਂ ਦੀ ਸੰਸਥਾ ਮੁਤਾਬਕ ਕੈਪਟਨ ਸਭਰਵਾਲ ਸ਼ਾਇਦ ਜਹਾਜ਼ ਨੂੰ ਇਮਾਰਤਾਂ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਰੀਪੋਰਟ ਵਿਚ ਕਾਕਪਿਟ ਵੌਇਸ ਰੀਕਾਰਡਰ (ਸੀ.ਵੀ.ਆਰ.) ਦੀ ਜਾਣਕਾਰੀ ਨੂੰ ਜਾਣਬੁਝ ਕੇ ਛਡਿਆ ਗਿਆ ਹੈ, ਜੋ ਕਿ ਬੇਹੱਦ ਹੈਰਾਨੀਜਨਕ ਹੈ।
