ਅੰਤਰਰਾਸ਼ਟਰੀ ਬਾਜ਼ਾਰ ’ਚ ਨਸ਼ੀਲੇ ਪਦਾਰਥਾਂ ਦੀ 897 ਕਰੋੜ ਰੁਪਏ ਦੱਸੀ ਜਾ ਰਹੀ ਕੀਮਤ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਜ਼ਬਤ ਕੀਤੇ 1,452 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਸੋਮਵਾਰ ਨੂੰ ਨਸ਼ਟ ਕਰ ਦਿੱਤਾ। ਇਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 897 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ 10ਵਾਂ ਮੈਗਾ ਨਸ਼ੀਲੇ ਪਦਾਰਥ ਨਸ਼ਟ ਪ੍ਰੋਗਰਾਮ ਵਿਸ਼ੇਸ਼ ਪੁਲਿਸ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜੀ.ਟੀ. ਕਰਨਾਲ ਰੋਡ 'ਤੇ ਇੱਕ ਕੂੜਾ ਨਿਪਟਾਰਾ ਕੇਂਦਰ ਵਿੱਚ ਕਰਵਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਲਗਭਗ 1,010 ਕਿਲੋਗ੍ਰਾਮ ਮੈਥਾਮਫੇਟਾਮਾਈਨ, 135 ਕਿਲੋਗ੍ਰਾਮ ਹੈਰੋਇਨ, 62 ਕਿਲੋਗ੍ਰਾਮ ਚਰਸ, 37 ਕਿਲੋਗ੍ਰਾਮ ਗਾਂਜਾ, 16 ਕਿਲੋਗ੍ਰਾਮ ਮੈਥਾਕੁਆਲੋਨ, 91 ਕਿਲੋਗ੍ਰਾਮ ਪੋਸਤ, 70 ਕਿਲੋਗ੍ਰਾਮ ਫੇਨਿਲਪ੍ਰੋਪੇਨੋਨ, ਟਰੈਮਾਡੋਲ ਦੀਆਂ 15 ਲੱਖ ਤੋਂ ਵੱਧ ਗੋਲੀਆਂ ਅਤੇ ਕੋਡੀਨ ਸਿਰਪ ਦੀਆਂ 36,000 ਤੋਂ ਵੱਧ ਬੋਤਲਾਂ ਆਦਿ ਸ਼ਾਮਲ ਸਨ। ਧਾਲੀਵਾਲ ਨੇ ਪ੍ਰੋਗਰਾਮ ਵਿੱਚ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਨਾ ਸਿਰਫ਼ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨਾ ਹੈ, ਸਗੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੀ ਖ਼ਤਮ ਕਰਨਾ ਹੈ।
