ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੀਤੀ ਪ੍ਰਦਰਸ਼ਨ ਦੀ ਅਗਵਾਈ
ਨਵੀਂ ਦਿੱਲੀ : ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਵੱਲੋਂ ਜੰਤਰ-ਮੰਤਰ 'ਤੇ ਆਯੋਜਿਤ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਪ੍ਰਿਥਵੀਰਾਜ ਮਾਰਗ ਤੱਕ ਜਾਣ ਲਈ ਆਟੋ ਰਿਕਸ਼ਾ ਕਰਨਾ ਪਿਆ। ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਤੁਰੰਤ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਦਰਸ਼ਨ ਲਈ ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਵਰਕਰ ਸੋਮਵਾਰ ਨੂੰ ਦਿੱਲੀ ਵਿੱਚ ਇਕੱਠੇ ਹੋਏ । ਇਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨੇ ਕੀਤੀ।
ਉਮਰ ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੀ ਆਟੋ-ਰਿਕਸ਼ਾ ਦੀ ਸਵਾਰੀ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ, ‘‘ਜੰਤਰ-ਮੰਤਰ ਤੋਂ ਮੇਰੀ ਪੈਦਲ ਯਾਤਰਾ ਇੱਕ ਹੋਰ ਜੁਲੂਸ ਵਿੱਚ ਬਦਲਣ ਵਾਲੀ ਸੀ, ਇਸ ਲਈ ਸਾਨੂੰ ਜੋ ਵੀ ਆਵਾਜਾਈ ਦਾ ਸਾਧਨ ਮਿਲਿਆ, ਅਸੀਂ ਉਸੇ ਦੀ ਵਰਤੋਂ ਕੀਤੀ।’’ ਵੀਡੀਓ ਵਿੱਚ ਉਨ੍ਹਾਂ ਦੇ ਬੇਟੇ ਜ਼ਮੀਰ ਅਤੇ ਜ਼ਹੀਰ ਵੀ ਦਿਖਾਈ ਦੇ ਰਹੇ ਹਨ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਮੁੱਖ ਮੰਤਰੀ ਉਮਰ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਲਈ ਉਨ੍ਹਾਂ ਦੇ ਨਾਲ ਬਣੇ ਰਹਿਣਾ ਮੁਸ਼ਕਿਲ ਹੋ ਰਿਹਾ ਸੀ। ਉਨ੍ਹਾਂ ਵਿੱਚੋਂ ਕੁੱਝ ਦੋ-ਪਹੀਆ ਵਾਹਨਾਂ 'ਤੇ ਸਵਾਰ ਹੋ ਗਏ, ਜਦੋਂ ਕਿ ਕੁੱਝ ਆਟੋ-ਰਿਕਸ਼ਾ ਵਿੱਚ ਬੈਠ ਗਏ। ਪ੍ਰਿਥਵੀਰਾਜ ਰੋਡ ਪਹੁੰਚਣ ਤੋਂ ਬਾਅਦ, ਉਮਰ ਅਬਦੁੱਲਾ ਨੇ ਆਟੋ-ਰਿਕਸ਼ਾ ਚਾਲਕ ਨੂੰ 500 ਰੁਪਏ ਦਿੱਤੇ।
ਨੇਕਾਂ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਾਕਰੋਚ ਜਨਤਾ ਪਾਰਟੀ ਦੇ 'ਚਲੋ ਸੰਸਦ’ ਮਾਰਚ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਭੀੜ ਪਹਿਲਾਂ ਤੋਂ ਇਕੱਠੀ ਹੋਣ ਕਰਕੇ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਨੇਕਾਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਨੇੜੇ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ ਕਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਉਮਰ ਅਬਦੁੱਲਾ ਨੂੰ ਕਾਂਸਟੀਚਿਊਸ਼ਨ ਕਲੱਬ ਜਾਣ ਤੋਂ ਰੋਕਿਆ ਗਿਆ ਅਤੇ ਉਹ ਆਪਣੇ ਸਮਰਥਕਾਂ ਨਾਲ ਅਸ਼ੋਕ ਰੋਡ 'ਤੇ ਹੀ ਧਰਨੇ 'ਤੇ ਬੈਠ ਗਏ।
ਉਮਰ ਅਬਦੁੱਲਾ ਨੇ ਬਾਅਦ ਵਿੱਚ ‘ਐਕਸ’ 'ਤੇ ਇੱਕ ਹੋਰ ਪੋਸਟ ਵਿੱਚ ਕਿਹਾ, ‘‘ਸਾਨੂੰ ਜੰਤਰ-ਮੰਤਰ ਜਾਣ ਅਤੇ ਆਪਣੇ ਜਾਇਜ਼ ਹੱਕ ਲਈ ਅਮਨ-ਅਮਾਨ ਨਾਲ ਵਿਰੋਧ ਕਰਨ ਤੋਂ ਰੋਕਿਆ ਗਿਆ, ਪਰ ਸਾਡੀ ਆਵਾਜ਼ ਨਹੀਂ ਦਬਾਈ ਗਈ। ਇਹ ਤਾਂ ਬੱਸ ਰਾਜ ਦਾ ਦਰਜਾ, ਸਾਡੇ ਅਧਿਕਾਰ, ਸਾਡੀ ਗੈਰਤ ਅਤੇ ਸਾਡੇ ਤੋਂ ਖੋਹੀ ਗਈ ਹਰ ਚੀਜ਼ ਨੂੰ ਵਾਪਸ ਪਾਉਣ ਦੇ ਸਾਡੇ ਸੰਘਰਸ਼ ਦੀ ਸ਼ੁਰੂਆਤ ਹੈ।’’
ਉਮਰ ਅਬਦੁੱਲਾ ਸ਼ੁੱਕਰਵਾਰ ਨੂੰ ਆਪਣੇ ਪਿਤਾ ਫਾਰੂਕ ਅਬਦੁੱਲਾ ਨਾਲ ਰਾਸ਼ਟਰੀ ਰਾਜਧਾਨੀ ਪਹੁੰਚੇ ਸਨ, ਪਰ ਪੁੰਛ-ਰਜੌਰੀ ਇਲਾਕੇ ਵਿੱਚ ਆਏ ਅਚਾਨਕ ਹੜ੍ਹ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਦੌਰਾ ਛੋਟਾ ਕਰਨਾ ਪਿਆ ਅਤੇ ਐਤਵਾਰ ਨੂੰ ਜੰਮੂ ਜਾ ਕੇ ਇੱਕ ਐਮਰਜੈਂਸੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨੀ ਪਈ। ਉਹ ਸੋਮਵਾਰ ਤੜਕੇ ਦਿੱਲੀ ਆਏ ਸਨ ਤਾਂ ਜੋ ਪਾਰਟੀ ਦੇ ਵਿਰੋਧ-ਪ੍ਰਦਰਸ਼ਨ ਵਿੱਚ ਸ਼ਾਮਲ ਹੋ ਸਕਣ।
ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਪ੍ਰਿਥਵੀਰਾਜ ਰੋਡ ਸਥਿਤ ਜੰਮੂ ਅਤੇ ਕਸ਼ਮੀਰ ਹਾਊਸ ਤੋਂ ਹੋਈ, ਜਿਸ ਵਿੱਚ ਨੇਕਾਂ ਆਗੂ, ਵਰਕਰ ਅਤੇ ਗੱਠਜੋੜ ਸਹਿਯੋਗੀ ‘‘ਆਪਣਾ ਵਾਅਦਾ ਪੂਰਾ ਕਰੋ’’ ਅਤੇ ‘‘ਪੂਰਨ ਰਾਜ ਦਾ ਦਰਜਾ ਬਹਾਲ ਕਰੋ’’ ਲਿਖੇ ਹੋਏ ਬੈਨਰ ਲੈ ਕੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ‘‘ਮੋਦੀ ਕਾ ਵਾਦਾ, ਕਿਓਂ ਰਹਾ ਆਧਾ?’’ ਵਰਗੇ ਨਾਅਰੇ ਵੀ ਲਗਾਏ।
ਉਮਰ ਅਬਦੁੱਲਾ ਨੇ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਕੇਂਦਰ ਸਰਕਾਰ ਨੂੰ ਉਨ੍ਹਾਂ ਸਪੱਸ਼ਟ ਵਾਅਦਿਆਂ ਲਈ ਜਵਾਬਦੇਹ ਬਣਾਉਣਾ ਸੀ, ਜੋ ਉਸ ਨੇ ਸੰਸਦ ਦੇ ਦੋਵਾਂ ਸਦਨਾਂ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਬਾਰੇ ਕੀਤੇ ਸਨ।
