ਲੂ ਨੇ ਲੋਕਾਂ ਦਾ ਕੀਤਾ ਬੁਰਾ ਹਾਲ
ਦੇਸ਼ ਵਿਚ ਤੇਜ਼ ਗਰਮੀ ਅਤੇ ਲੂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਪਾਕਿਸਤਾਨ ਦੇ ਬਲੋਚਿਸਤਾਨ ਅਤੇ ਥਾਰ ਮਾਰੂਥਲ ਤੋਂ ਸੁੱਕੀਆਂ ਅਤੇ ਗਰਮ ਹਵਾਵਾਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ।
ਇਸ ਨਾਲ ਮਈ ਵਿਚ ਜੂਨ ਵਾਲੀ ਗਰਮੀ ਮਹਿਸੂਸ ਹੋ ਰਹੀ ਹੈ। ਬੁੱਧਵਾਰ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਪੰਜਾਬ, ਓਡੀਸ਼ਾ ਅਤੇ ਮਹਾਰਾਸ਼ਟਰ ਦੇ 16 ਸ਼ਹਿਰਾਂ ਵਿਚ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੱਧ ਗਿਆ।
ਉੱਤਰ ਪ੍ਰਦੇਸ਼ ਦਾ ਬਾਂਦਾ ਦੇਸ਼ ਦਾ ਸਭ ਤੋਂ ਗਰਮ ਸਥਾਨ ਸੀ, ਜਿੱਥੇ ਤਾਪਮਾਨ 48 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੱਧ ਪ੍ਰਦੇਸ਼ ਦੇ ਖਜੂਰਾਹੋ ਅਤੇ ਮਹਾਰਾਸ਼ਟਰ ਦੇ ਵਰਧਾ ਵਿੱਚ ਕ੍ਰਮਵਾਰ 47.4 ਡਿਗਰੀ ਸੈਲਸੀਅਸ ਅਤੇ 47.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਵਿੱਚ, ਪਾਰਾ 46.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ ਟ੍ਰਾਂਸਫਾਰਮਰ ਨੂੰ ਅਚਾਨਕ ਅੱਗ ਲੱਗ ਗਈ। ਲਖਨਊ ਚਿੜੀਆਘਰ ਵਿੱਚ, ਜਾਨਵਰਾਂ ਨੂੰ ਠੰਢਾ ਪਾਣੀ ਪਿਆਇਆ ਜਾ ਰਿਹਾ ਹੈ। ਇਟਾਵਾ ਸਫਾਰੀ ਵਿਖੇ, ਪ੍ਰਜਨਨ ਕੇਂਦਰ ਵਿੱਚ ਸ਼ੇਰਨੀ ਅਤੇ ਬੱਚਿਆਂ ਲਈ ਏਅਰ ਕੰਡੀਸ਼ਨਰ ਵਰਤੇ ਜਾ ਰਹੇ ਹਨ।
ਹਰਿਆਣਾ ਸਰਕਾਰ ਨੇ 25 ਮਈ ਤੋਂ 30 ਜੂਨ ਤੱਕ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਆਮ ਤੌਰ 'ਤੇ, ਹਰਿਆਣਾ ਦੇ ਜ਼ਿਆਦਾਤਰ ਸਕੂਲ 1 ਜੂਨ ਤੋਂ 30 ਜੂਨ ਦੇ ਵਿਚਕਾਰ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿੰਦੇ ਹਨ।
ਹਰੇਕ ਸ਼ਹਿਰ ਵਿਚ ਅਸਲ ਤਾਪਮਾਨ ਅਤੇ ਮਹਿਸੂਸ ਕੀਤੇ ਤਾਪਮਾਨ ਵਿਚ ਔਸਤਨ 2°C ਤੋਂ 4°C ਤੱਕ ਦਾ ਅੰਤਰ ਹੁੰਦਾ ਹੈ। ਜਲਵਾਯੂ ਮਾਹਿਰਾਂ ਦੇ ਅਨੁਸਾਰ, ਲੋਕ ਮੌਸਮ ਵਿਭਾਗ ਦੇ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਗਰਮ ਤਾਪਮਾਨ ਦਾ ਅਨੁਭਵ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਤੇਜ਼ੀ ਨਾਲ ਸ਼ਹਿਰੀਕਰਨ ਹੈ।
