ਪੀੜਤ ਪਰਵਾਰਾਂ ਦੀਆਂ ਅੱਖਾਂ ਨਮ, ਪਰ ਅਤਿਵਾਦ ਵਿਰੁਧ ਦੇਸ਼ ਦੇ ਇਰਾਦੇ ਚਟਾਨ ਵਾਂਗ ਮਜ਼ਬੂਤ
ਪਹਿਲਗਾਮ/ਸ੍ਰੀਨਗਰ: ਪਿਛਲੇ ਸਾਲ ਪਹਿਲਗਾਮ ਦੇ ਬੈਸਾਰਨ ਮੈਦਾਨ ਵਿਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਵਲੋਂ ਕੀਤੇ ਗਏ ਵਹਿਸ਼ੀ ਹਮਲੇ ਦੀ ਪਹਿਲੀ ਬਰਸੀ ਮੌਕੇ ਬੁਧਵਾਰ ਨੂੰ ਪੂਰਾ ਦੇਸ਼ ਭਾਵੁਕ ਨਜ਼ਰ ਆਇਆ। 22 ਅਪ੍ਰੈਲ 2025 ਨੂੰ ਹੋਏ ਇਸ ਖੂਨੀ ਕਾਂਡ ਵਿਚ 25 ਸੈਲਾਨੀਆਂ ਅਤੇ ਇਕ ਸਥਾਨਕ ਘੋੜੇ ਵਾਲੇ ਦੀ ਜਾਨ ਚਲੀ ਗਈ ਸੀ। ਬੁਧਵਾਰ ਨੂੰ 26 ਪਰਵਾਰਾਂ ਨੇ ਅਪਣੇ ਵਿਛੜੇ ਜੀਆਂ ਨੂੰ ਯਾਦ ਕੀਤਾ, ਜਦਕਿ ਦੇਸ਼ ਦੀ ਸਿਆਸੀ ਲੀਡਰਸ਼ਿਪ ਨੇ ਇਕ ਸੁਰ ਵਿਚ ਐਲਾਨ ਕੀਤਾ ਕਿ ਭਾਰਤ ਅਤਿਵਾਦ ਅੱਗੇ ਕਦੇ ਨਹੀਂ ਝੁਕੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਪਹਲਗਾਮ ਹਮਲੇ ਵਿਚ ਮਾਰੇ ਗਏ ਬੇਗੁਨਾਹ ਲੋਕਾਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਦੇਸ਼ ਇਕਜੁੱਟ ਹੈ ਅਤੇ ਅਤਿਵਾਦੀਆਂ ਦੇ ਨੀਚ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।’’ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਵੀ ਜ਼ੋਰ ਦਿਤਾ, ‘‘ਇਹੋ ਜਿਹੇ ਹਮਲੇ ਸਾਡੀ ਸ਼ਾਂਤੀ ਅਤੇ ਏਕਤਾ ਦੀ ਵਚਨਬੱਧਤਾ ਨੂੰ ਕਦੇ ਡਗਮਗਾ ਨਹੀਂ ਸਕਦੇ।’’
ਇਸ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ‘ਸਿੰਦੂਰ’ ਆਪਰੇਸ਼ਨ ਦੇ ਤਹਿਤ ਪਾਕਿਸਤਾਨੀ ਖੇਤਰਾਂ ਵਿਚ ਅਤਿਵਾਦੀ ਢਾਂਚਿਆਂ ’ਤੇ ਕਾਰਵਾਈ ਕੀਤੀ। ਫੌਜ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ‘‘ਭਾਰਤ ਵਿਰੁਧ ਹਰ ਹਮਲੇ ਦਾ ਜਵਾਬ ਯਕੀਨੀ ਹੈ।’’
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਕਦੇ ਵੀ ਇਸ ਕਾਇਰਾਨਾ ਹਮਲੇ ਦੇ ਦੋਸ਼ੀਆਂ ਨੂੰ ਮਾਫ਼ ਨਹੀਂ ਕਰੇਗਾ। ਸਰਕਾਰ ਨੂੰ ਵਿਦੇਸ਼ ਨੀਤੀ ’ਤੇ ਵੀ ਜਵਾਬਦੇਹ ਬਣਨਾ ਚਾਹੀਦਾ ਹੈ।’’
ਪਰਵਾਰਾਂ ਲਈ ਇਹ ਦਿਨ ਦਰਦ ਭਰੀ ਯਾਦਾਂ ਨਾਲ ਭਰਿਆ ਰਿਹਾ। ਓਡੀਸ਼ਾ ਦੀ ਪਿ੍ਰਯਦਰਸ਼ਿਨੀ ਸਤਪਥੀ ਨੇ ਕਿਹਾ, ‘‘ਉਸ ਦਿਨ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਸੀ। ਸਰਕਾਰ ਨੇ ਮਦਦ ਦਾ ਵਾਅਦਾ ਕੀਤਾ ਸੀ ਪਰ ਬਹੁਤ ਕੁੱਝ ਅਜੇ ਵੀ ਅਧੂਰਾ ਹੈ।’’ ਕੋਚੀ ਦੀ ਆਰਥੀ ਆਰ. ਮੇਨਨ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਭਾਰਤ ਨੇ ਆਤੰਕਵਾਦ ਨੂੰ ਮਜ਼ਬੂਤ ਜਵਾਬ ਦਿਤਾ।’’
ਹਰਿਆਣਾ ਦੇ ਰਾਜੇਸ਼ ਨਰਵਾਲ, ਜਿਨ੍ਹਾਂ ਦੇ ਪੁੱਤਰ ਵਿਨਯ ਨਰਵਾਲ ਦੀ ਮੌਤ ਹੋਈ ਸੀ, ਨੇ ਕਿਹਾ, ‘‘ਸਾਡੀ ਜ਼ਿੰਦਗੀ ਉਸ ਦਿਨ ਖ਼ਤਮ ਹੋ ਗਈ ਜਦੋਂ ਇਹ ਖ਼ਬਰ ਮਿਲੀ। ਉਹ ਸਿਰਫ਼ 26 ਸਾਲ ਦਾ ਸੀ ਅਤੇ ਅਪਣੀ ਵਿਆਹੀ ਜ਼ਿੰਦਗੀ ਦੀ ਸ਼ੁਰੂਆਤ ਹੀ ਕੀਤੀ ਸੀ।’’ ਦੂਜੇ ਪਾਸੇ ਇਕ ਸਾਲ ਬਾਅਦ, ਪਹਲਗਾਮ ਵਿਚ ਸੁਰੱਖਿਆ ਕੜੀ ਕੀਤੀ ਗਈ ਹੈ। ਸੈਲਾਨੀਆਂ ਹੌਲੀ-ਹੌਲੀ ਵਾਪਸ ਆ ਰਹੇ ਹਨ। ਵਿਸ਼ਾਲ ਕੇਤਕਰ (ਮਹਾਰਾਸ਼ਟਰ) ਨੇ ਕਿਹਾ, ‘‘ਇੱਥੇ ਹੁਣ ਸੁਰੱਖਿਆ ਪ੍ਰਬੰਧ ਬਹੁਤ ਵਧੀਆ ਹਨ। ਪਹਲਗਾਮ ਮੁੜ ਸੁਰੱਖਿਅਤ ਮਹਿਸੂਸ ਹੁੰਦਾ ਹੈ।’’
ਨਵੇਂ ਬਣੇ ਸਮਾਰਕ ’ਤੇ ਸੈਲਾਨੀ ਰੁਕ ਕੇ ਸ਼ਰਧਾਂਜਲੀ ਦੇ ਰਹੇ ਹਨ। ਜੈਸ਼ਰੀ ਪਟੇਲ (ਗੁਜਰਾਤ) ਨੇ ਕਿਹਾ, ‘‘ਕਸ਼ਮੀਰ ਭਾਰਤ ਦਾ ਸਵਿਟਜ਼ਰਲੈਂਡ ਹੈ। ਇੱਥੇ ਆਉਣਾ ਸਾਡਾ ਨੈਤਿਕ ਫ਼ਰਜ਼ ਹੈ।’’ ਮਲੇਸ਼ੀਆ ਤੋਂ ਆਏ ਮੁਹੰਮਦ ਫ਼ਦਲੀ ਨੇ ਕਿਹਾ, ‘‘ਮੈਂ ਇੱਥੇ ਬਾਲੀਵੁੱਡ ਫ਼ਿਲਮਾਂ ਦੇ ਕਾਰਨ ਆਇਆ ਹਾਂ। ਇਹ ਜਗ੍ਹਾ ਅਜੇ ਵੀ ਸੁੰਦਰ ਅਤੇ ਸੁਰੱਖਿਅਤ ਹੈ।’’
ਪਹਲਗਾਮ ਦੇ ਹੋਟਲ ਉਦਯੋਗਪਤੀ ਆਸਿਫ਼ ਇਕਬਾਲ ਬੁਰਜ਼ਾ ਨੇ ਕਿਹਾ, ‘‘ਦੇਸ਼ ਦੇ ਲੋਕਾਂ ਨੇ ਸਾਬਤ ਕੀਤਾ ਹੈ ਕਿ ਆਤੰਕ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।’’ ਪੋਨੀ ਐਸੋਸੀਏਸ਼ਨ ਦੇ ਪ੍ਰਧਾਨ ਅਬਦੁਲ ਵਾਹਿਦ ਨੇ ਕਿਹਾ, ‘‘ਬੇਗੁਨਾਹਾਂ ਦਾ ਕਤਲ, ਮਨੁੱਖਤਾ ਦਾ ਕਤਲ ਹੈ।’’ ਹਾਲਾਂਕਿ ਸੈਰ-ਸਪਾਟੇ ਦੀ ਗਤੀਵਿਧੀ ਵਧ ਰਹੀ ਹੈ, ਪਰ ਆਰਥਕ ਮੁੜ-ਬਹਾਲੀ ਅਜੇ ਵੀ ਚੁਨੌਤੀ ਹੈ। ਬਹੁਤ ਸਾਰੇ ਪੋਨੀ ਮਾਲਕ ਅਤੇ ਵਪਾਰੀ, ਜੋ ਪਹਿਲਾਂ ਰੋਜ਼ਾਨਾ 1,800 ਰੁਪਏ ਕਮਾਂਦੇ ਸਨ, ਹੁਣ 200 ਰੁਪਏ ਨਾਲ ਸੰਘਰਸ਼ ਕਰ ਰਹੇ ਹਨ।
