
ਜੰਮੂ : ਹਰਿਆਣਾ 'ਚ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਹੋਏ ਕਥਿਤ ਹਮਲੇ ਨੂੰ ਲੈ ਕੇ ਸ਼ਨੀਵਾਰ ਜੰੰਮੂ-ਕਸ਼ਮੀਰ ਵਿਧਾਨ ਸਭਾ 'ਚ ਭਾਰੀ ਹੰਗਾਮਾ ਹੋਇਆ। ਸਰਕਾਰ 'ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਨਾਕਾਮ ਰਹਿਣ ਦਾ ਦੋਸ਼ ਲਾਉਂਦੇ ਹੋਏ ਵਿਰੋਧੀ ਮੈਂਬਰਾਂ ਨੇ ਸਿਫਰ ਕਾਲ ਦੌਰਾਨ ਹਾਊਸ 'ਚੋਂ ਵਾਕਆਊਟ ਕੀਤਾ।
ਸੂਬਾ ਸਰਕਾਰ ਨੇ ਹਾਊਸ ਨੂੰ ਭਰੋਸਾ ਦਿੱਤਾ ਕਿ ਮਾਮਲੇ ਨੂੰ ਹਰਿਆਣਾ ਸਰਕਾਰ ਕੋਲ ਉਠਾਇਆ ਗਿਆ ਹੈ। ਮਾਮਲੇ ਸਬੰਧੀ ਤਿੰਨ ਵਿਅਕਤੀ ਗ੍ਰਿਫਤਾਰ ਵੀ ਕੀਤੇ ਗਏ ਹਨ।
ਵਿਰੋਧੀ ਮੈਂਬਰਾਂ ਨੇ ਇਸ ਗੱਲ 'ਤੇ ਵੀ ਸਵਾਲ ਪੁੱਛੇ ਕਿ ਸਰਕਾਰ ਨੇ ਆਉਂਦੀਆਂ ਪੰਚਾਇਤੀ ਚੋਣਾਂ 'ਤੇ ਚਰਚਾ ਕਰਨ ਲਈ ਸਰਬ ਪਾਰਟੀ ਬੈਠਕ ਕਿਉਂ ਸੱਦੀ ਹੈ ਜਦਕਿ ਉਸ ਨੇ ਪਹਿਲਾਂ ਹੀ ਸਭ ਫੈਸਲੇ ਲਏ ਹੋਏ ਹਨ।
ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ 2008 ਤੋਂ 2017 ਦਰਮਿਆਨ ਪਥਰਾਅ ਦੀਆਂ ਘਟਨਾਵਾਂ 'ਚ ਸ਼ਾਮਲ 9730 ਵਿਅਕਤੀਆਂ ਵਿਰੁੱਧ ਦਰਜ ਮਾਮਲਿਆਂ ਨੂੰ ਵਾਪਸ ਲੈਣ ਦੀ ਪ੍ਰਵਾਨਗੀ ਦਿੱਤੀ, ਜਿਨ੍ਹਾਂ ਵਿਅਕਤੀਆਂ ਵਿਰੁੱਧ ਮਾਮਲੇ ਵਾਪਸ ਲਏ ਗਏ ਹਨ, ਉਸ 'ਚ ਪਹਿਲੀ ਵਾਰ ਅਪਰਾਧ ਕਰਨ ਵਾਲੇ ਵਿਅਕਤੀ ਵੀ ਸ਼ਾਮਲ ਹਨ।