ਖ਼ਬਰਾਂ |

ਤਾਜ਼ਾ |

ਕੈਪਟਨ ਅਮਰਿੰਦਰ ਸਿੰਘ ਦੇ ਬਹਾਨੇ ਭਾਜਪਾ 'ਤੇ ਸਿਆਸੀ ਵਾਰ, ਕੀ ਕਾਂਗਰਸ ਨੇ ਖੇਡਿਆ 2027 ਲਈ ਸੱਭ ਤੋਂ ਵੱਡਾ ਮਾਸਟਰਸਟਰੋਕ?

By : GAGANDEEP

Published : Jun 5, 2026, 6:29 am IST
Updated : Jun 5, 2026, 7:28 am IST
SHARE ARTICLE
Captain Amarinder Singh Punjab political News
Captain Amarinder Singh Punjab political News

ਹੁੱਡਾ ਦੇ ਇਕ ਬਿਆਨ ਨੇ ਮਚਾਈ ਹਲਚਲ, ਭਾਜਪਾ ਦੀਆਂ ਵਧੀਆਂ ਧੜਕਣਾਂ, ਕੀ ‘ਕੈਪਟਨ ਕਾਰਡ' ਨਾਲ ਵਿਰੋਧੀਆਂ ਨੂੰ ਘੇਰਨ ਦੀ ਤਿਆਰੀ?

ਲੁਧਿਆਣਾ (ਪ੍ਰਮੋਦ ਕੌਸ਼ਲ): ਪੰਜਾਬ ਦੀ ਸਿਆਸਤ ਵਿਚ ਕਈ ਵਾਰ ਚੋਣਾਂ ਤੋਂ ਪਹਿਲਾਂ ਅਜਿਹੀਆਂ ਚਾਲਾਂ ਚਲੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਅਸਰ ਸਿਰਫ਼ ਇਕ ਪਾਰਟੀ ਤਕ ਸੀਮਤ ਨਹੀਂ ਰਹਿੰਦਾ, ਸਗੋਂ ਪੂਰੇ ਸਿਆਸੀ ਮਾਹੌਲ ਨੂੰ ਪ੍ਰਭਾਵਤ ਕਰ ਦਿੰਦਾ ਹੈ। ਇਸ ਵੇਲੇ ਸੂਬੇ ਦੀ ਰਾਜਨੀਤੀ ਵਿਚ ਅਜਿਹਾ ਹੀ ਇਕ ਨਵਾਂ ਚਰਚਾ-ਕੇਂਦਰ ਬਣਿਆ ਹੋਇਆ ਹੈ ਕੈਪਟਨ ਅਮਰਿੰਦਰ ਸਿੰਘ ਦੀ ਸੰਭਾਵਤ ਕਾਂਗਰਸ ਵਾਪਸੀ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵਲੋਂ ਦਿਤਾ ਗਿਆ ਇਕ ਸਾਧਾਰਨ ਜਿਹਾ ਬਿਆਨ ਕਿ ‘ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿਚ ਹਨ’ ਪੰਜਾਬ ਦੀ ਰਾਜਨੀਤੀ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿਆਸੀ ਹਲਕਿਆਂ ਵਿਚ ਹੁਣ ਇਹ ਸਵਾਲ ਉਠ ਰਿਹਾ ਹੈ ਕਿ ਕੀ ਇਹ ਸਿਰਫ਼ ਇਕ ਆਮ ਬਿਆਨ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡੀ ਰਣਨੀਤੀ ਲੁਕੀ ਹੋਈ ਹੈ? ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਾਂਗਰਸ ਜਾਣ-ਬੁੱਝ ਕੇ ‘ਕੈਪਟਨ ਕਾਰਡ’ ਖੇਡ ਕੇ ਪੰਜਾਬ ਵਿਚ ਭਾਜਪਾ ਦੀ ਸਿਆਸੀ ਰਫ਼ਤਾਰ ਨੂੰ ਰੋਕਣ ਅਤੇ ਉਸ ਦੇ ਅੰਦਰ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ?

ਪਿਛਲੇ ਕੁੱਝ ਮਹੀਨਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਅਜਿਹੇ ਬਿਆਨ ਦੇ ਰਹੇ ਹਨ, ਜਿਨ੍ਹਾਂ ਨੇ ਭਾਜਪਾ ਲਈ ਅਸਹਿਜ ਸਥਿਤੀ ਪੈਦਾ ਕੀਤੀ ਹੈ। ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ’ਤੇ ਖੁੱਲ੍ਹ ਕੇ ਸਵਾਲ ਚੁੁੱਕਣ ਤੋਂ ਲੈ ਕੇ ਪਾਰਟੀ ਦੀ ਫ਼ੈਸਲਾ ਲੈਣ ਦੀ ਪ੍ਰਕਿਰਿਆ ’ਤੇ ਟਿਪਣੀ ਕਰਨ ਤਕ, ਕੈਪਟਨ ਨੇ ਕਈ ਵਾਰ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕੈਪਟਨ ਦਾ ਇਹ ਕਹਿਣਾ ਕਿ ਕਾਂਗਰਸ ਵਿਚ ਮੇਰੀ ਰਾਇ ਲਈ ਜਾਂਦੀ ਸੀ, ਭਾਜਪਾ ਵਿਚ ਫ਼ੈਸਲੇ ਉਪਰੋਂ ਥੋਪੇ ਜਾਂਦੇ ਹਨ, ਸਿਰਫ਼ ਇਕ ਵਿਅਕਤੀਗਤ ਟਿਪਣੀ ਨਹੀਂ ਸੀ। 

ਸਿਆਸੀ ਮਾਹਰਾਂ ਮੁਤਾਬਕ ਇਹ ਇਕ ਅਜਿਹਾ ਸੁਨੇਹਾ ਸੀ, ਜਿਸ ਨੇ ਭਾਜਪਾ ਦੀ ਅੰਦਰੂਨੀ ਕਾਰਜ-ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿਤੇ। ਇਸ ਤੋਂ ਵੀ ਅੱਗੇ ਜਾ ਕੇ ਕੈਪਟਨ ਨੇ ਕਿਹਾ ਕਿ ਉਹ ਅੱਜ ਵੀ ਕਾਂਗਰਸ ਨੂੰ ‘ਮਿਸ’ ਕਰਦੇ ਹਨ ਕਿਉਂਕਿ ਉਥੇ ਇਕ ਪ੍ਰਵਾਰ ਵਰਗਾ ਮਾਹੌਲ ਸੀ। ਇਹ ਬਿਆਨ ਅਪਣੇ ਆਪ ਵਿਚ ਸਿਆਸੀ ਸੰਕੇਤਾਂ ਨਾਲ ਭਰਪੂਰ ਸੀ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਾਂਗਰਸ ਲਈ ਕੈਪਟਨ ਦੀ ਅਸਲ ਵਾਪਸੀ ਨਾਲੋਂ ਵੱਧ ਮਹੱਤਵਪੂਰਨ ਇਹ ਹੈ ਕਿ ਪੰਜਾਬ ਦੀ ਸਿਆਸਤ ਵਿਚ ਇਹ ਚਰਚਾ ਲਗਾਤਾਰ ਜਾਰੀ ਰਹੇ। ਜਿਵੇਂ ਹੀ ਕੈਪਟਨ ਦੀ ਕਾਂਗਰਸ ਵਿਚ ਵਾਪਸੀ ਦੀਆਂ ਗੱਲਾਂ ਚਲਦੀਆਂ ਹਨ, ਭਾਜਪਾ ਨੂੰ ਸਫ਼ਾਈਆਂ ਦੇਣੀਆਂ ਪੈਂਦੀਆਂ ਹਨ। ਪਾਰਟੀ ਦੇ ਆਗੂਆਂ ਨੂੰ ਬਿਆਨ ਜਾਰੀ ਕਰਨੇ ਪੈਂਦੇ ਹਨ ਅਤੇ ਧਿਆਨ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਥਾਂ ’ਤੇ ਅੰਦਰੂਨੀ ਮਾਹੌਲ ਸੰਭਾਲਣ ਵਲ ਚਲਿਆ ਜਾਂਦਾ ਹੈ। ਰਾਜਨੀਤੀ ਵਿਚ ਧਾਰਨਾ ਬਹੁਤ ਵੱਡੀ ਤਾਕਤ ਹੁੰਦੀ ਹੈ।

ਜੇਕਰ ਜਨਤਾ ਵਿਚ ਇਹ ਸੰਦੇਸ਼ ਜਾਂਦਾ ਹੈ ਕਿ ਭਾਜਪਾ ਦਾ ਇਕ ਵੱਡਾ ਚਿਹਰਾ ਪਾਰਟੀ ਤੋਂ ਖ਼ੁਸ਼ ਨਹੀਂ ਹੈ, ਤਾਂ ਇਸ ਦਾ ਮਨੋਵਿਗਿਆਨਕ ਅਸਰ ਜ਼ਮੀਨੀ ਪੱਧਰ ’ਤੇ ਵੀ ਦਿਖਾਈ ਦੇ ਸਕਦਾ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਹੁਣ ਪਹਿਲਾਂ ਵਾਂਗ ਸਰਗਰਮ ਨਹੀਂ ਦਿਖਦੇ, ਪਰ ਪੰਜਾਬ ਦੀ ਰਾਜਨੀਤੀ ਵਿਚ ਉਨ੍ਹਾਂ ਦੀ ਅਹਿਮੀਅਤ ਅਜੇ ਵੀ ਬਰਕਰਾਰ ਹੈ। ਉਹ ਸਿਰਫ਼ ਇਕ ਸਾਬਕਾ ਮੁੱਖ ਮੰਤਰੀ ਨਹੀਂ, ਸਗੋਂ ਇਕ ਅਜਿਹਾ ਚਿਹਰਾ ਹਨ ਜਿਸ ਨੇ ਕਈ ਦਹਾਕਿਆਂ ਤਕ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਤ ਕੀਤਾ ਹੈ। 2002 ਅਤੇ 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਸੱਤਾ ਤਕ ਪਹੁੰਚਾਉਣ ਵਿਚ ਉਨ੍ਹਾਂ ਦੀ ਭੂਮਿਕਾ ਕੇਂਦਰੀ ਰਹੀ। ਪਿੰਡਾਂ ਵਿਚ ਉਨ੍ਹਾਂ ਦੀ ਪਕੜ ਅਤੇ ਰਵਾਇਤੀ ਕਾਂਗਰਸੀ ਵੋਟਰਾਂ ਵਿਚ ਉਨ੍ਹਾਂ ਦੀ ਸਵੀਕਾਰਤਾ ਅੱਜ ਵੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

2014 ਵਿਚ ਜਦੋਂ ਪੂਰੇ ਦੇਸ਼ ਵਿਚ ਮੋਦੀ ਲਹਿਰ ਸੀ, ਉਸ ਵੇਲੇ ਅੰਮ੍ਰਿਤਸਰ ਤੋਂ ਭਾਜਪਾ ਦੇ ਦਿੱਗਜ ਆਗੂ ਅਰੁਣ ਜੇਤਲੀ ਨੂੰ ਹਰਾਉਣਾ ਕੈਪਟਨ ਦੀ ਸਿਆਸੀ ਤਾਕਤ ਦਾ ਵੱਡਾ ਪ੍ਰਮਾਣ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਕੈਪਟਨ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਲਗਾਤਾਰ ਚਰਚਾ ਵਿਚ ਰਹਿੰਦੀਆਂ ਹਨ, ਤਾਂ ਇਹ ਭਾਜਪਾ ਲਈ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ। ਇਹ ਵੀ ਸੱਚ ਹੈ ਕਿ ਪੰਜਾਬ ਕਾਂਗਰਸ ਇਸ ਸਮੇਂ ਅੰਦਰੂਨੀ ਖਿੱਚੋਤਾਣ ਵਿਚ ਉਲਝੀ ਹੋਈ ਹੈ। ਰਾਜਾ ਵੜਿੰਗ, ਪ੍ਰਤਾਪ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਹੋਰ ਕਈ ਆਗੂਆਂ ਵਿਚਕਾਰ ਸੂਪਰਮੇਸੀ ਨੂੰ ਲੈ ਕੇ ਚਰਚਾਵਾਂ ਚਲਦੀਆਂ ਰਹਿੰਦੀਆਂ ਹਨ। ਅਜਿਹੇ ਮਾਹੌਲ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਦੁਬਾਰਾ ਚਰਚਾ ਵਿਚ ਆਉਣਾ ਕਾਂਗਰਸ ਲਈ ਇਕ ਤਰ੍ਹਾਂ ਦੀ ਸਿਆਸੀ ਆਕਸੀਜਨ ਸਾਬਤ ਹੋ ਸਕਦਾ ਹੈ।

ਭਾਵੇਂ ਉਹ ਪਾਰਟੀ ਵਿਚ ਸ਼ਾਮਲ ਹੋਣ ਜਾਂ ਨਾ ਹੋਣ, ਪਰ ਉਨ੍ਹਾਂ ਦੀ ਮੌਜੂਦਗੀ ਦੀ ਸੰਭਾਵਨਾ ਹੀ ਕਾਂਗਰਸ ਦੇ ਵਰਕਰਾਂ ਵਿਚ ਨਵਾਂ ਜੋਸ਼ ਭਰ ਸਕਦੀ ਹੈ। ਇਸ ਪੂਰੀ ਕਹਾਣੀ ਦਾ ਸੱਭ ਤੋਂ ਦਿਲਚਸਪ ਪੱਖ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਕਾਂਗਰਸ ਵਿਚ ਵਾਪਸ ਜਾਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਅੰਦਰੂਨੀ ਤੌਰ ’ਤੇ ਵੰਡੀ ਹੋਈ ਹੈ ਅਤੇ ਉਸ ਨੂੰ ਪੰਜਾਬ ਵਿਚ ਸੱਤਾ ਵਿਚ ਵਾਪਸੀ ਦੀ ਕੋਈ ਖ਼ਾਸ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੀ ਧੀ ਜੈਇੰਦਰ ਕੌਰ ਵੀ ਭਾਜਪਾ ਵਿਚ ਕਾਫ਼ੀ ਸਰਗਰਮ ਹੈ। ਇਸ ਲਈ ਇਹ ਮੰਨਣਾ ਕਿ ਕੈਪਟਨ ਤੁਰਤ ਕਾਂਗਰਸ ਵਿਚ ਸ਼ਾਮਲ ਹੋ ਜਾਣਗੇ, ਸ਼ਾਇਦ ਜਲਦਬਾਜ਼ੀ ਹੋਵੇਗੀ। ਪਰ ਸਿਆਸਤ ਵਿਚ ਕਈ ਵਾਰ ਅਸਲ ਤਾਕਤ ਫ਼ੈਸਲੇ ਵਿਚ ਨਹੀਂ, ਸਗੋਂ ਉਸ ਦੀ ਚਰਚਾ ਵਿਚ ਹੁੰਦੀ ਹੈ। ਇਸ ਵੇਲੇ ਕਾਂਗਰਸ ਨੂੰ ਸ਼ਾਇਦ ਉਹੀ ਫ਼ਾਇਦਾ ਮਿਲ ਰਿਹਾ ਹੈ।

2027 ਤੋਂ ਪਹਿਲਾਂ ਮਨੋਵਿਗਿਆਨਕ ਜੰਗ ਸ਼ੁਰੂ
ਪੰਜਾਬ ਦੀ ਸਿਆਸਤ ਵਿਚ 2027 ਦੀ ਚੋਣੀ ਜੰਗ ਭਾਵੇਂ ਅਜੇ ਦੂਰ ਹੈ, ਪਰ ਮਨੋਵਿਗਿਆਨਕ ਜੰਗ ਸ਼ੁਰੂ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਬਣਿਆ ਇਹ ਸਾਰਾ ਮਾਹੌਲ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿਚ ਸਿਰਫ਼ ਵੋਟਾਂ ਦੀ ਨਹੀਂ, ਸਗੋਂ ਧਾਰਨਾਵਾਂ ਅਤੇ ਸੁਨੇਹਿਆਂ ਦੀ ਲੜਾਈ ਵੀ ਲੜੀ ਜਾਵੇਗੀ। ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਕੈਪਟਨ ਸੱਚਮੁੱਚ ਕਾਂਗਰਸ ਵਲ ਮੁੜਣਗੇ ਜਾਂ ਨਹੀਂ।

ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਨਾਮ ਨੇ ਇਕ ਵਾਰ ਫਿਰ ਪੰਜਾਬ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਦਿਤੀ ਹੈ। ਅਤੇ ਜੇਕਰ ਸਿਰਫ਼ ਇਕ ਬਿਆਨ ਭਝਫ ਨੂੰ ਸਫ਼ਾਈ ਦੇਣ ਲਈ ਮਜਬੂਰ ਕਰ ਸਕਦਾ ਹੈ, ਤਾਂ ਇਹ ਸਾਬਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਪੰਜਾਬ ਦੀ ਰਾਜਨੀਤੀ ਦੇ ਸੱਭ ਤੋਂ ਪ੍ਰਭਾਵਸ਼ਾਲੀ ਅਤੇ ਚਰਚਿਤ ਚਿਹਰਿਆਂ ਵਿਚੋਂ ਇਕ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement