ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਦੇ ਦਾਅਵੇਦਾਰਾਂ 'ਚ ਸ਼ਾਮਲ ਸਨ ਜਗਮੋਹਨ ਰਾਜੂ
ਕੇਵਲ ਸਿੰਘ ਢਿੱਲੋਂ ਦੀ ਸੂਬਾ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਦੇ ਦਾਅਵੇਦਾਰਾਂ ’ਚ ਮੰਨੇ ਜਾਂਦੇ ਸਾਬਕਾ ਆਈਏਐਸ ਡਾ. ਜਗਮੋਹਨ ਸਿੰਘ ਰਾਜੂ ਨੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਜਗਮੋਹਨ ਰਾਜੂ ਰਾਜੂ ਨੇ ਪਿਛਲੇ ਚਾਰ ਸਾਲਾਂ ਵਿਚ ਪਾਰਟੀ ਦੇ ਉਪ ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਜਗਮੋਹਨ ਰਾਜੂ ਨੂੰ ਹਾਈਕਮਾਨ ਵਲੋਂ ਢਿੱਲੋਂ 'ਤੇ ਸਹਿਮਤੀ ਬਣਾਉਣ ਤੋਂ ਪਹਿਲਾਂ ਸੂਬਾ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਇਕ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸੀ।
ਉਨ੍ਹਾਂ ਦਾ ਅਸਤੀਫ਼ਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਤਕ ਤੌਰ 'ਤੇ ਨਿਯੁਕਤੀ 'ਤੇ ਸਵਾਲ ਉਠਾਉਣ ਤੋਂ ਬਾਅਦ ਆਇਆ ਹੈ, ਜਿਸ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਲਈ ਇਹ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਉਨ੍ਹਾਂ ਸ਼ੋਸ਼ਲ ਮੀਡੀਆ 'ਤੇ ਪੋਸਟ ਪਾਉਂਦਿਆਂ ਕਿਹਾ ਕਿ ਆਈ.ਏ.ਐਸ. ਤੋਂ ਸਵੈ-ਇੱਛਾ ਸੇਵਾਮੁਕਤੀ (VRS) ਲੈਣ ਤੋਂ ਬਾਅਦ ਮੈਂ ਪਿਛਲੇ ਚਾਰ ਸਾਲਾਂ ਦੌਰਾਨ ਭਾਜਪਾ ਵਿੱਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ। ਇਸ ਦੇ ਨਾਲ-ਨਾਲ ਮੈਂ ਕੁਝ ਅਜਿਹੇ ਮੁੱਦਿਆਂ ਗਰੀਬ ਬੱਚਿਆਂ ਦੇ ਸਿੱਖਿਆ ਅਧਿਕਾਰ, ਅਨੁਸੂਚਿਤ ਜਾਤੀਆਂ ਅਤੇ ਸਿੱਖਾਂ ਦੇ ਸੰਵਿਧਾਨਕ ਹੱਕ, ਧਰਮ ਪਰਿਵਰਤਨ, ਨਸ਼ਿਆਂ ਦਾ ਸੰਕਟ, ਪੰਜਾਬੀ ਭਾਸ਼ਾ, ਦਰਿਆਈ ਪਾਣੀ ਅਤੇ ਰਾਜ ਦੀ ਰਾਜਧਾਨੀ ਸਮੇਤ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਵਿਰਾਸਤੀ ਮੁੱਦਿਆਂ ਉੱਤੇ ਵੀ ਕੰਮ ਕਰ ਰਿਹਾ ਹਾਂ ਜੋ ਪੰਜਾਬ ਅਤੇ ਦੇਸ਼ ਲਈ ਬੇਹੱਦ ਮਹੱਤਵਪੂਰਨ ਹਨ।
ਇਨ੍ਹਾਂ ਵਿਸ਼ਿਆਂ ‘ਤੇ ਲੰਬੇ ਸਮੇਂ ਤੱਕ ਨਿਰੰਤਰ, ਕੇਂਦ੍ਰਿਤ ਅਤੇ ਪੂਰੇ ਸਮੇਂ ਨਾਲ ਕੰਮ ਕਰਨ ਦੀ ਲੋੜ ਹੈ। ਇਸ ਲਈ ਮੈਂ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਫਿਲਹਾਲ ਮੈਨੂੰ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਮੁਕਤ ਰੱਖਿਆ ਜਾਵੇ, ਤਾਂ ਜੋ ਮੈਂ ਇਨ੍ਹਾਂ ਮੁੱਦਿਆਂ ਉੱਤੇ ਹੋਰ ਵੱਧ ਸਮਾਂ ਅਤੇ ਊਰਜਾ ਲਗਾ ਸਕਾਂ।
