‘ਬਦਲਦਾ ਪੰਜਾਬ, ਵਧਦਾ ਪੰਜਾਬ' ਕਨਕਲੇਵ ਵਿਚ ਬੋਲੇ ਸੰਸਦ ਮੈਂਬਰ ਮੀਤ ਹੇਅਰ
- ਕਿਹਾ, ਇੱਥੇ ਵਿਰੋਧੀ ਧਿਰ ਐਵੇਂ ਸਦਨ ਛੱਡ ਕੇ ਭੱਜ ਜਾਂਦੀ ਹੈ, ਮੁੜ ਕੇ ਵੜਦੀ ਨਹੀਂ, ਪ੍ਰਤਾਪ ਬਾਜਵਾ ਇਕ ਦਿਨ ਚਲਦੇ ਹਾਊਸ ’ਚ ਹੀ ਕਹਿਣ ਲੱਗ ਗਏ ਕਿ ਸਿਫ਼ਰ ਕਾਲ ’ਤੇ ਸਵਾਲ-ਜਵਾਬ ਰੱਖੋ, ਜਦੋਂ ਸਮਾਂ ਮਿਲਦਾ ਹੈ, ਉਦੋਂ ਦੌੜ ਜਾਂਦੇ ਹਨ
ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਨਵਜੋਤ ਧਾਲੀਵਾਲ ਵਲੋਂ ਸੰਸਦ ਮੈਂਬਰ ਮੀਤ ਹੇਅਰ ਨਾਲ ਗੱਲਬਾਤ ਕੀਤੀ ਗਈ। ਇਹ ਸਾਰੀ ਗੱਲਬਾਤ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ।
ਸਵਾਲ : ਮੀਤ ਜੀ, ਰੋਜ਼ਾਨਾ ਸਪੋਕਸਮੈਨ ’ਚ ਤੁਹਾਡਾ ਸਵਾਗਤ ਹੈ। ਤੁਸੀਂ ਪਹਿਲਾਂ ਪੰਜਾਬ ’ਚ ਵਿਰੋਧੀ ਧਿਰ ਵਿਚ ਰਹੇ ਸਾਲ 2022 ’ਚ ਵਜ਼ਾਰਤ ’ਚ ਕੈਬਨਿਟ ਮੰਤਰੀ ਬਣੇ, ਅਹਿਮ ਮਹਿਕਮੇ ਤੁਸੀਂ ਦੇਖੇ ਹੁਣ ਸੰਸਦ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹੋ, ਕਿੰਨਾ ਫ਼ਰਕ ਜਾਪਦਾ ਹੈ ਸਾਰੇ ਅਹੁਦਿਆਂ ਤੇ ਜ਼ਿੰਮੇਵਾਰੀਆਂ ’ਚ?
ਜਵਾਬ: ਦੋਖੋ ਜੀ, ਮੈਂ ਸਦਨ ਭਾਵੇਂ ਕੋਈ ਵੀ ਹੋਵੇ, ਹਰੇਕ ਜਗ੍ਹਾ ਲੋਕ ਮੁੱਦਿਆਂ ਤੇ ਵਿਕਾਸ ਦੀ ਗੱਲ ਹੁੰਦੀ ਹੈ। ਮੈਂ ਜਦੋਂ ਪਹਿਲੀ ਵਾਰ ਪੰਜਾਬ ’ਚ ਸਾਲ 2017 ਵਿਚ ਵਿਧਾਇਕ ਬਣਿਆਂ, ਵਿਰੋਧੀ ਧਿਰ ’ਚ ਬੈਠ ਕੇ ਪੰਜਾਬ ਦੇ ਭਖਦੇ ਮਸਲਿਆਂ ’ਤੇ ਚਰਚਾ ’ਤੇ ਲੜਾਈ ਲੜੀ। ਸਾਲ 2022 ’ਚ ਅਸੀਂ ਸੱੱਤਾ ਵਿਚ ਆ ਗਏ ਤਾਂ ਕੈਬਨਿਟ ਮੰਤਰੀ ਬਣਿਆਂ ਤੇ ਹੁਣ 2024 ਤੋਂ ਸੰਸਦ ਮੈਂਬਰ ਬਣ ਕੇ ਫਿਰ ਵਿਰੋਧੀ ਧਿਰ ਦੇ ਖੇਮੇ ਵਿਚ ਬੈਠਦਾਂ ਤੇ ਕੌਮੀ ਮਸਲਿਆਂ ’ਤੇ ਚਰਚਾ ਕਰਦਾ ਹਾਂ। ਕਾਰਵਾਈ ਤਾਂ ਵਿਧਾਨ ਸਭਾ ਤੇ ਲੋਕ ਸਭਾ ਦੋਹਾਂ ਦੀ ਇਕੋ ਤਰ੍ਹਾਂ ਦੀ ਹੁੰਦੀ ਹੈ, ਲੋਕ ਸਭਾ ’ਚ ਕੌਮੀ ਮਸਲੇ ਤੇ ਇੱਥੇ ਵਿਧਾਨ ਸਭਾ ’ਚ ਸੂਬੇ ਦੇ ਮਸਲਿਆਂ ’ਤੇ ਗੱਲ ਤੇ ਕਾਨੂੰਨ ਬਣਦੇ ਹਨ।
ਸਵਾਲ : ਪਰ ਇੱਥੇ ਤੁਸੀਂ ਸੱਤਾਧਾਰੀ ਧਿਰ ਦੇ ਕੈਬਨਿਟ ਮੰਤਰੀ ਸੀ, ਕਹਿੰਦੇ ਨੇ ਕਿ ਸੱਤਾਧਾਰੀਆਂ ਦਾ ਤਾਂ ਵਿਧਾਇਕ ਵੀ ਮੁੱਖ ਮੰਤਰੀ ਹੀ ਹੁੰਦਾ ਹੈ, ਹੁਣ ਤੁਸੀਂ ਵਿਰੋਧੀ ਧਿਰ ’ਚ ਬੈਠਦੇ ਹੋ। ਕੀ ਪੂਰੀ ਮਦਦ ਮਿਲਦੀ ਹੈ ਸੱਤਾਧਾਰੀ ਧਿਰ ਤੋਂ ਜਾਂ ਨਹੀਂ?
ਜਵਾਬ: ਦੇਖੋ ਮੈਂ ਇੱਥੇ 2017 ਤੋਂ 2022 ਤਕ ਵਿਧਾਨ ਸਭਾ ਦੇ ਵਿਰੋਧੀ ਖ਼ੇਮੇ ਵਿਚ ਵੀ ਬੈਠਦਾ ਰਿਹਾ ਹਾਂ, ਦੋ ਸਾਲਾਂ ਤੋਂ ਹੀ ਐਮ.ਪੀ ਬਣਿਆ ਹਾਂ। ਬਹੁਤੇ ਸੈਸ਼ਨ ਤਾਂ ਉਥੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਸਮਾਂ ਢਾਈ ਮਿੰਟ ਦਾ ਹੁੰਦਾ ਪਰ ਡੇਢ ਮਹੀਨੇ ਤਕ ਸੈਸ਼ਨ ਚੱਲ ਹੀ ਨਹੀਂ ਪਾਉਂਦਾ। ਸੱਤਾਧਾਰੀ -ਭਾਰਤੀ ਜਨਤਾ ਪਾਰਟੀ ਤੇ ਉਸ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ ਕਿ ਸੈਸ਼ਨ ਚਲਾਉਣਾ ਹੈ ਜਾਂ ਨਹੀਂ। ਜੇਕਰ ਉਨ੍ਹਾਂ ਨੂੰ ਲਗਦਾ ਹੈ ਕਿ ਸਰਕਾਰ ਕਿਸੇ ਮੁੱਦੇ ’ਤੇ ਘਿਰ ਰਹੀ ਹੈ ਤਾਂ ਉਹ ਕਿਸੇ ਵਿਰੋਧੀ ਸੰਸਦ ਮੈਂਬਰ ਵਿਰੁਧ ਕੋਈ ਚੁਭਵੀਂ ਗੱਲ ਕਰ ਦਿੰਦੇ ਹਨ ਤੇ ਸਪੀਕਰ ਨੂੰ ਸੈਸ਼ਨ ਬੰਦ ਕਰਨਾ ਪੈਂਦਾ ਹੈ। ਜਿਵੇਂ ਆਪ੍ਰੇਸ਼ਨ ਸੰਧੂਰ ਤੇ ਅਮਰੀਕਾ ਵਲੋਂ ਸ਼ੁਰੂ ਕੀਤੀ ਜੰਗ ਤੇ ਵਪਾਰ ਮਸਲੇ ਹਨ, ਇਨ੍ਹਾਂ ’ਤੇ ਪੂਰੀ ਗੱਲਬਾਤ ਹੋਈ ਹੀ ਨਹੀਂ।
ਸਵਾਲ: ਮੀਤ ਜੀ, ਪਰ ਪੰਜਾਬ ਵਿਧਾਨ ਸਭਾ ਵਿਚ ਵੀ ਤਾਂ ਇਹੋ ਕੁੱਝ ਹੋ ਰਿਹਾ ਹੈ, ਤੁਹਾਨੂੰ ਨਹੀਂ ਲਗਦਾ ? ਵਿਰੋਧੀ ਤਾਂ ਇਹੋ ਕਹਿੰੇੇਦੇ ਹਨ।
ਜਵਾਬ: ਇਸ ਤਰ੍ਹਾਂ ਨਹੀਂ ਹੈ, ਇੱਥੇ ਇਹ ਉਲਟ ਹੈ। ਉਥੇ ਸੱਤਾਧਾਰੀਆਂ ਕੋਲ ਵਿਰੋਧੀ ਧਿਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਹਨ। ਇੱਥੇ ਵਿਰੋਧੀ ਪਾਰਟੀਆਂ ਕੋਲ ਸਵਾਲ ਨਹੀਂ ਹਨ। ਲੋਕ ਸਭਾ ਵਿਚ ਸੱਤਾਧਾਰੀ ਧਿਰ ਹਾਊਸ ਚੱਲਣ ਨਹੀਂ ਦਿੰਦੇ ਤੇ ਇੱਥੇ ਵਿਰੋਧੀ ਧਿਰ ਕਾਂਗਰਸ ਤੇ ਅਕਾਲੀ ਅਜਿਹਾ ਵਾਕਆਊਟ ਕਰਦੇ ਹਨ, ਮੁੜ ਕੇ ਵਾਪਸ ਨਹੀਂ ਆਉਂਦੇ। ਅਸੀਂ ਜਦੋਂ ਪੰਜਾਬ ਵਿਚ ਵਿਰੋਧੀ ਧਿਰ ਵਿਚ ਸੀ ਤਾਂ 2 ਮਿੰਟਾਂ ਲਈ ਹਾਊਸ ’ਚੋਂ ਵਾਕਆਊਟ ਕਰਦੇ ਸੀ, ਮੁੜ ਕੇ ਫਿਰ ਦੁਬਾਰਾ ਪੰਜਾਬ ਦੇ ਮਸਲਿਆਂ ’ਤੇ ਬਹਿਸ ਕਰਦੇ ਸੀ। ਪਿਛਲੇ ਦਿਨੀਂ ਮੈਂ ਸਦਨ ਦੀ ਕਾਰਵਾਈ ਦੇਖਣ ਲਈ ਗਿਆ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਕਹਿਣ ਲੱਗ ਗਏ ਕਿ ਅੱਜ ਸਿਫ਼ਰ ਕਾਲ ’ਤੇ ਸਵਾਲ-ਜਵਾਬ ਲਈ ਸਮਾਂ ਰੱਖੋ, ਜਦੋਂ ਸਮਾਂ ਹੁੰਦਾ ਹੈ ਉਦੋਂ ਬਾਹਰ ਭੱਜ ਜਾਂਦੇ ਹਨ।
ਸਵਾਲ: ਸਾਲ 2017 ਵਿਚ ਪਾਰਟੀ ਪੰਜਾਬ ਵਿਚ ਲਹਿਰ ਬਣ ਕੇ ਉਭਰੀ ਸੀ ਪਰ ਸਰਕਾਰ ਨਾ ਬਣ ਸਕੀ, ਹੁਣ ਤੁਸੀਂ ਸੱਤਾ ਵਿਚ ਹੋ, ਕਦੇ ਇਹ ਮਹਿਸੂਸ ਕਰਦੇ ਹੋ ਕਿ ਕੇਂਦਰ ਵਿਚ ਵੀ ਤੁਸੀਂ ਕਾਬਜ਼ ਹੋ ਸਕੋਗੇ?
ਜਵਾਬ: ਜਦੋਂ ਪੰਜਾਬ ਵਿਚ ਅਸੀਂ ਸੱਤਾ ਵਿਚ ਆਏ ਉਦੋਂ ਕੋਈ ਨਹੀਂ ਸੀ ਕਹਿੰਦਾ ਕਿ ਪਾਰਟੀ ਸਰਕਾਰ ਬਣਾ ਲਵੇਗੀ, ਇਹੀ ਦਿੱਲੀ ਬਾਰੇ ਵੀ ਰਾਜਨੀਤਕ ਲੋਕਾਂ ਦੇ ਵਿਚਾਰ ਸਨ। ਪਰ ਦਿੱਲੀ ’ਚ ਤਿੰਨ ਵਾਰ ਤੇ ਹੁਣ ਪੰਜਾਬ ਵਿਚ ਸਰਕਾਰ ਬਣਾਈ ਹੈ। ਗੁਜਰਾਤ ਵਿਚ ਅਸੀਂ 13 ਫ਼ੀ ਸਦੀ ਸੀਟਾਂ ਹਾਸਲ ਕੀਤੀਆਂ ਹਨ ਤੇ 8 ਸਾਲਾਂ ’ਚ ਅਸੀਂ ਨੈਸ਼ਨਲ ਪਾਰਟੀ ਬਣ ਗਏ। ਤੁਸੀਂ ਦੇਖੋ ਕਿ ਨਰਿੰਦਰ ਮੋਦੀ ਤੋਂ ਬਾਅਦ ਕੇਜਰੀਵਾਲ ਅਜਿਹਾ ਲੀਡਰ ਹੈ ਜਿਸ ਨੂੰ ਲੋਕ ਸੰਜੀਦਾ ਲੈਂਦੇ ਹੋਣ। ਸਿਰਫ਼ ਅਰਵਿੰਦ ਕੇਜਰੀਵਾਲ ਅਜਿਹੇ ਲੀਡਰ ਹਨ ਜੋ ਤੱਥਾਂ ’ਤੇ ਗੱਲ ਕਰਦੇ ਹਨ ਤੇ ਨੈਸ਼ਨਲ ਮੀਡੀਆ, ਲੋਕ ਉਨ੍ਹਾਂ ਨੂੰ ਸੰਜੀਦਾ ਤੇ ਇਮਾਨਦਾਰ ਲੀਡਰ ਮੰਨਦੇ ਹਨ। ਅੱਜ ਜੇ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਸੱਭ ਤੋਂ ਵੱਡਾ ਚਿਹਰਾ ਕੇਜਰੀਵਾਲ ਦਾ ਹੀ ਨਜ਼ਰ ਆਉਂਦਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਆਮ ਆਦਮੀ ਪਾਰਟੀ ਕੇਂਦਰ ਦੀ ਸੱਤਾ ਵਿਚ ਵੀ ਅਪਣੀ ਥਾਂ ਬਣਾਵੇਗੀ।
ਸਵਾਲ: ਚਾਰ ਸਾਲਾਂ ਵਿਚ ਤੁਹਾਡੀ ਸਰਕਾਰ ਦੀਆਂ ਅਜਿਹੀਆਂ ਕਿਹੜੀਆਂ ਪ੍ਰਾਪਤੀਆਂ ਹਨ ਜਿਨ੍ਹਾਂ ਦੇ ਆਧਾਰ ’ਤੇ ਤੁਸੀਂ ਮੁੜ ਜਨਤਾ ਕੋਲ ਜਾ ਰਹੇ ਹੋ?
ਜਵਾਬ: ਚਾਰ ਨਹੀਂ 40 ਪ੍ਰਾਪਤੀਆਂ ਗਿਣਾ ਸਕਦਾ ਹਾਂ। ਲੋਕ ਜੋ ਪਹਿਲਾਂ ਬਿਜਲੀ ਦੇ ਬਿੱਲਾਂ ਤੋਂ ਪ੍ਰੇਸ਼ਾਨ ਰਹਿੰਦੇ ਸਨ, ਅੱਜ ਉਨ੍ਹਾਂ ਨੂੰ ਮੁਫ਼ਤ ਅਤੇ ਲਗਾਤਾਰ ਬਿਜਲੀ ਮਿਲ ਰਹੀ ਹੈ। ਪਾਣੀ ਦੇ ਮਾਮਲੇ ਵਿਚ ਜਿੱਥੇ ਪਹਿਲਾਂ ਸਿਰਫ਼ 26 ਫ਼ੀ ਸਦੀ ਖੇਤਰ ਨੂੰ ਨਹਿਰੀ ਪਾਣੀ ਮਿਲਦਾ ਸੀ, ਅੱਜ ਇਹ ਅੰਕੜਾ 75 ਫ਼ੀ ਸਦੀ ਤੋਂ ਵੀ ਉਪਰ ਚਲਾ ਗਿਆ ਹੈ। ਸਿਖਿਆ ਦੇ ਖੇਤਰ ਵਿਚ ਪਹਿਲੀ ਵਾਰ ਵੱਡੇ ਪੱਧਰ ’ਤੇ ਬਜਟ ਵਧਾਇਆ ਗਿਆ, ਕੈਂਪਸ ਮੈਨੇਜਰਾਂ ਦੀ ਭਰਤੀ, ਸਕੂਲਾਂ ਦੀ ਸਥਿਤੀ ਨੂੰ ਸੁਧਾਰਿਆ ਗਿਆ। ਖੇਡ ਵਿਭਾਗ ਦਾ ਬਜਟ ਜੋ 2022 ਵਿਚ ਕੇਵਲ 147 ਕਰੋੜ ਰੁਪਏ ਸੀ, ਉਸ ਨੂੰ ਵਧਾ ਕੇ 1800 ਕਰੋੜ ਰੁਪਏ ਤਕ ਲਿਆਂਦਾ ਗਿਆ। ਇਹ ਸਾਰੇ ਕੰਮ ਕਾਗ਼ਜ਼ਾਂ ’ਚ ਨਹੀਂ, ਜ਼ਮੀਨ ’ਤੇ ਦਿਖ ਰਹੇ ਹਨ। ਸੜਕ ਸੁਰੱਖਿਆ ਪੁਲਿਸ ਦੀਆਂ ਗੱਡੀਆਂ, ਟੋਲ ਪਲਾਜ਼ੇ ਬੰਦ ਕੀਤੀ ਗਏ ਪਹਿਲਾਂ ਸਿਰਫ਼ ਨੌਕਰੀਆ ਉਦੋਂ ਦਿਤੀਆਂ ਜਾਂਦੀਆਂ ਸਨ, ਜਦੋਂ ਸਰਕਾਰ ਜਾਣ ਵਾਲੀ ਹੁੰਦੀ ਸੀ, ਆਪ ਪਹਿਲੀ ਸਰਕਾਰ ਹੈ ਜਿਸ ਨੇ 63 ਹਜ਼ਾਰ ਸਰਕਾਰੀ ਨੌਕਰੀਆਂ ਪਹਿਲੇ ਚਾਰ ਸਾਲਾਂ ’ਚ ਹੀ ਦੇ ਦਿਤੀਆਂ ਸਨ। ਜੀ.ਐਸ.ਟੀ ਇਕੱਤਰਤਾ ਜੋ ਪਹਿਲੀਆਂ ਸਰਕਾਰਾਂ 50 ਹਜ਼ਾਰ ਕਰੋੜ ਕਰਦੀਆਂ ਸਨ, ਅਸੀਂ ਚਾਰ ਸਾਲਾਂ ’ਚ 84 ਹਜ਼ਾਰ ਕਰੋੜ ਕੀਤੀ ਹੈ। ਇਸੇ ਤਰ੍ਹਾਂ ਐਕਸਾਈਜ਼ ’ਚ ਸੀ ਅਸੀਂ 12 ਹਜ਼ਾਰ ਕਰੋੜ ਰੁਪਏ ਇਕੱਤਰ ਕਰ ਕੇ ਦੁੱਗਣਾ ਕੰਮ ਕਰ ਕੇ ਦਿਖਾਇਆ ਹੈ।
ਸਵਾਲ: ਤੁਸੀਂ ਪਾਣੀਆਂ ਦੀ ਗੱਲ ਕੀਤੀ ਹੈ, ਚੰਗੀ ਗੱਲ ਹੈ ਕਿ ਪਾਣੀ ਦੀ ਖੇਤਾਂ ਤਕ ਪਹੁੰਚ ਵਧੀ ਹੈ? ਪਰ ਪੰਜਾਬ ਦਾ ਜ਼ਮੀਨਦੋਜ਼ ਪਾਣੀ ਘੱਟ ਰਿਹਾ ਹੈ, ਚਿੱਟੀ-ਹਰੀ ਕ੍ਰਾਂਤੀ ਦਾ ਨੁਕਸਾਨ ਵੀ ਝਲਿਆ। ਡਾਰਕ ਜ਼ੋਨ ’ਚੋਂ ਬਾਹਰ ਕੱਢਣ ਤੇ ਪਾਣੀ ਰੀਚਾਰਜ਼ ਕਰਨ ਦੇ ਕੀ ਸਾਧਨ ਹਨ?
ਜਵਾਬ : ਇਹ ਸੱਚ ਹੈ ਕਿ ਪੰਜਾਬ ਵਿਚ ਪਾਣੀ ਦਾ ਪੱਧਰ ਪਿਛਲੇ ਕਈ ਸਾਲਾਂ ਵਿਚ ਕਾਫੀ ਘਟਿਆ ਹੈ, ਪਰ ਇਸ ਦਾ ਹੱਲ ਐਮ.ਐਸ.ਪੀ ਨਾਲ ਹੋਵੇਗਾ। ਚੌਲ ਸਾਡੀ ਫ਼ਸਲ ਨਹੀਂ ਹੈ ਪਰ ਸਾਡੇ ਕੋਲੋਂ ਬਿਜਾਈ ਜਾ ਰਹੀ ਹੈ ਜੇ ਕੇਂਦਰ ਐਮ.ਐਸ.ਪੀ ਸਾਰੀਆਂ ਫ਼ਸਲਾਂ ’ਤੇ ਦੇ ਦੇਵੇ ਤਾਂ ਰਵਾਇਤੀ ਫ਼ਸਲਾਂ ਦੀ ਬਿਜਾਈ ਘੱਟ ਸਕਦੀ ਹੈ। ਜਿਨ੍ਹਾਂ ਖੇਤਰਾਂ ਵਿਚ ਨਹਿਰੀ ਪਾਣੀ ਪੁੱਜਾ ਹੈ ਉਥੇ ਡਾਰਕ ਜ਼ੋਨਾਂ ਰੀਵਰਸੀਫ਼ੀਕੇਸ਼ਨ ਵੀ ਹੋਈ ਹੈ। ਜਿੱਥੇ ਪਹਿਲਾਂ 26 ਫ਼ੀ ਸਦੀ ਹੀ ਖੇਤੀ ਲਈ ਨਹਿਰੀ ਪਾਣੀ ਵਰਤਿਆ ਜਾਂਦਾ ਸੀ ਹੁਣ 75 ਫ਼ੀਸਦ ਹੈ ਇਸ ਲਈ ਪਹਿਲਾਂ ਜੋ ਪਾਣੀ ਹੋਰ ਰਾਜਾਂ ਵੱਲ ਚਲਾ ਜਾਂਦਾ ਸੀ, ਉਸ ਨੂੰ ਰੋਕਿਆ ਗਿਆ ਅਤੇ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਈ ਇਲਾਕਿਆਂ ਵਿਚ ਪਾਣੀ ਦਾ ਪੱਧਰ ਘਟਣ ਦੀ ਬਜਾਏ ਸਥਿਰ ਹੋਇਆ ਹੈ ਅਤੇ ਕਈ ਥਾਵਾਂ ’ਤੇ ਸੁਧਾਰ ਵੀ ਆਇਆ ਹੈ।
ਸਵਾਲ: ਮੁਫ਼ਤ ਸਕੀਮਾਂ ਨੂੰ ਲੈ ਕੇ ਵਿਰੋਧੀ ਤੁਹਾਡੇ ’ਤੇ ਨਿਸ਼ਾਨਾ ਵਿੰਨ੍ਹਦੇ ਹਨ, ਕਹਿੰਦੇ ਕਿ ਸੱਭ ਮੁਫ਼ਤ ਹੀ ਵੰਡਿਆ ਜਾ ਰਿਹੈ ਤੇ ਪੰਜਾਬ ’ਤੇ ਕਰਜ਼ ਵਧ ਰਿਹਾ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਜਵਾਬ: ਇਹ ਗੱਲ ਬਿਲਕੁਲ ਗ਼ਲਤ ਹੈ ਕਿ ਮੁਫ਼ਤ ਸਕੀਮਾਂ ਨਾਲ ਨੁਕਸਾਨ ਹੁੰਦਾ ਹੈ। ਅਸੀਂ ਝਾਰਖੰਡ ’ਚ ਬੰਦ ਪਈ ਕੋਲੇ ਦੀ ਖਾਣ ਚਲਾਈ ਜਿਸ ਨਾਲ ਹਰੇਕ ਮਹੀਨੇ 1250 ਕਰੋੜ ਰੁਪਏ ਦਾ ਕੋਲਾ ਨਿਕਲਦਾ ਹੈ। ਹੁਣ ਤੁਸੀਂ ਦੱਸੋ ਕਿ ਕਿ ਜੇ ਮੁਫ਼ਤ ਬਿਜਲੀ ਦਿਤੀ ਜਾਂਦੀ ਹੈ ਉਹ ਮੁਫ਼ਤ ਹੈ? ਅਸੀਂ ਵੈਲਫ਼ੇਅਰ ਸਟੇਟ ਹਾਂ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਲੋਕਾਂ ਦਾ ਹੀ ਪੈਸਾ ਹੁੰਦਾ ਹੈ ਜੋ ਉਨ੍ਹਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ। ਅਸੀਂ ਨਿੱਜੀ ਸੰਪਤੀਆਂ ਖ਼ਰੀਦ ਕੇ ਸਰਕਾਰ ਦੇ ਨਾਂ ਕੀਤੀਆਂ ਹਨ। ਪਿਛਲੀਆਂ ਸਰਕਾਰਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜ ਮੁਆਫ਼ ਕੀਤੇ ਪਰ ਗ਼ਰੀਬ ਨੂੰ ਰਾਹਤ ਦੇਣ ’ਤੇ ਸਵਾਲ ਉਠਾਏ ਜਾਂਦੇ ਹਨ, ਜੋ ਕਿ ਠੀਕ ਨਹੀਂ।
ਸਵਾਲ: ਸਿਖਿਆ ਅਤੇ ਸਿਹਤ ਖੇਤਰ ਵਿਚ ਕੀ ਵੱਡੇ ਬਦਲਾਅ ਆਏ ਹਨ?
ਜਵਾਬ: ਸਿਖਿਆ ਦੇ ਖੇਤਰ ਵਿਚ ਅਸੀਂ ਬੁਨਿਆਦੀ ਢਾਂਚੇ ਤੋਂ ਲੈ ਕੇ ਗੁਣਵੱਤਾ ਤਕ ਕੰਮ ਕੀਤਾ ਹੈ। ਜਦੋਂ ਮੈਂ ਮੰਤਰੀ ਸੀ ਤਾਂ 300 ਸਕੂਲ ਪੰਜਾਬ ਵਿਚ ਅਜਿਹੇ ਸਨ ਜਿੱਥੇ ਚਾਰਦੀਵਾਰੀ ਤਕ ਨਹੀਂ ਸੀ ਹੁੰਦੀ, ਅੱਜ ਉਹ ਮਾਡਲ ਸਕੂਲ ਬਣ ਰਹੇ ਹਨ। ਬੱਚੇ ਜੇਈਈ ਤੇ ਨੀਟ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਸੈਕੜੇ ਸਕੂਲ ਅਜਿਹੇ ਸਨ ਜਿੱਥੇ ਕੁੜੀਆਂ ਲਈ ਗੁਸਲਖ਼ਾਨੇ ਤਕ ਨਹੀਂ ਸੀ, ਅਸੀਂ ਸੱਭ ਤੋਂ ਪਹਿਲਾਂ ਉਥੇ ਕੰਮ ਕੀਤਾ। ਫਿਰ ਸਕੂਲ ਆਫ਼ ਐਮੀਨੈਂਸ ਵਰਗੀ ਸੌਗਾਤ ਦਿਤੀ। ਹੁਣ ਸਰਕਾਰੀ ਸਕੂਲਾਂ ਦੇ ਬੱਚੇ ਜਪਾਨ ਵਿਚ ਵੀ ਸਿਖਲਾਈ ਹਾਸਲ ਕਰਨ ਜਾਂਦੇ ਹਨ। ਸਿਹਤ ਸਹੂਲਤਾਂ ਵਿਚ ਪੰਜਾਬ ’ਚ 900 ਤੋਂ ਵੱਧ ਆਮ ਆਦਮੀ ਕਲੀਨਿਕ ਹਨ। ਜਿੱਥੇ 2 ਕਰੋੜ ਲੋਕ ਓਪੀਡੀ ਸਹੂਲਤਾਂ ਲੈਂਦੇ ਹਨ। ਇਥੇ 47 ਕਿਸਮ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਕਲੀਨਿਕ ਸਹੂਲਤਾਂ ਅਤੇ ਮੁਫ਼ਤ ਇਲਾਜ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜਿਸ ਨਾਲ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ।
ਸਵਾਲ : ਤੁਹਾਡੇ ਵਿਰੋਧੀ ਸਵਾਲ ਚੁੱਕਦੇ ਹਨ ਕਿ ਜਿਹੜਾ ਬੀਬੀਆਂ ਨੂੰ ਹਜ਼ਾਰ ਰੁਪਏ ਜਾਂ 1500 ਦੇਣਾ ਹੈ ਪਹਿਲੇ ਦਿਨ ਤੋਂ ਕਿਉਂ ਨਹੀਂ ਦਿੰਦੇ?
ਜਵਾਬ: ਸਰਕਾਰਾਂ ਦਾ ਕੰਮ ਵੀ ਘਰ ਵਾਂਗੂੰ ਹੁੰਦਾ ਹੈ। ਕੋਈ ਵੀ ਚੀਜ਼ ਅਪਣੀ ਆਮਦਨ ਦੇ ਹਿਸਾਬ ਨਾਲ ਦਿਤੀ ਜਾ ਸਕਦੀ ਹੈ। ਘਰ ’ਚ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਕਿ ਜੇ ਅੱਜ ਵੱਡੇ ਮੁੰਡੇ ਨੂੰ ਮੋਟਰਸਾਈਕਲ ਦਿਵਾ ਦਿਤਾ, ਉਧਰ ਛੋਟਾ ਮੁੰਡਾ ਵੀ ਕਹੇ ਮੈਨੂੰ ਅੱਜ ਹੀ ਦਿਵਾਉ। ਪਰ ਘਰ ਦਾ ਮੁਖੀ ਇਹੀ ਕਰਦਾ ਹੈ ਕਿ ਪਹਿਲਾਂ ਕਮਾਈ ਵਧਾ ਲਈਏ, ਅਗਲੇ ਸਾਲ ਤੈਨੂੰ ਵੀ ਦਿਵਾ ਦਿਆਂਗੇ। ਇਕੋ ਦਿਨ ਇਹ ਕਿਵੇਂ ਸੰਭਵ ਹੋ ਸਕਦਾ ਹੈ। ਹੁਣ ਤੁਸੀਂ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਕਿ ਘਰ-ਘਰ ਨੌਕਰੀ ਦਿਆਂਗੇ, ਕਰਜ਼ਾ ਮੁਆਫ਼ ਕਰ ਦਿਆਂਗੇ, ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤਾ, ਉਧਰ ਸੁਖਬੀਰ ਬਾਦਲ ਲੈਪਟਾਪ, ਪੰਜਾਬ ਦੀਆਂ ਕੁੜੀਆਂ ਨੁੂੰ ਸਕੂਟਰ ਦੇਣ ਦੀਆਂ ਗੱਲਾਂ ਕਰਦੇ ਸੀ। ਕੁੱਝ ਹੋਇਆ? ਅਸੀਂ ਉਹ ਵਾਅਦੇ ਵੀ ਪੂਰੇ ਕੀਤੇ ਜੋ ਅਸੀਂ ਨਹੀਂ ਕੀਤੇ ਸੀ। ਟੋਲ ਪਲਾਜ਼ੇ, ਸੜਕ ਸੁਰੱਖਿਆ ’ਚ ਗੱਡੀਆਂ ਅਸੀਂ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਤਾਕਿ ਆਮ ਲੋਕਾਂ ਨੂੰ ਸਹੂਲਤਾਂ ਮਿਲਣ।
ਸਵਾਲ: ਅਖ਼ੀਰ ਵਿਚ, ਤੁਸੀਂ ਅਪਣੀ ਸਰਕਾਰ ਦੀ ਸੱਭ ਤੋਂ ਵੱਡੀ ਉਪਲਬਧੀ ਕਿਸ ਨੂੰ ਮੰਨਦੇ ਹੋ?
ਜਵਾਬ: ਮੇਰੇ ਖ਼ਿਆਲ ਵਿਚ ਸੱਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਅਸੀਂ ਸਰਕਾਰ ਦੀ ਕਮਾਈ ਵਧਾਈ ਅਤੇ ਲੋਕਾਂ ’ਤੇ ਕੋਈ ਵਾਧੂ ਬੋਝ ਨਹੀਂ ਪਾਇਆ। ਅਸੀਂ ਸਿਸਟਮ ਨੂੰ ਠੀਕ ਕੀਤਾ, ਭਿ੍ਰਸ਼ਟਾਚਾਰ ਨੂੰ ਘਟਾਇਆ ਅਤੇ ਉਹ ਪੈਸਾ ਮੁੜ ਲੋਕਾਂ ਦੀ ਭਲਾਈ ’ਤੇ ਖ਼ਰਚ ਕੀਤਾ। ਇਹੀ ਇਕ ਜ਼ਿੰਮੇਵਾਰ ਅਤੇ ਇਮਾਨਦਾਰ ਸਰਕਾਰ ਦੀ ਪਹਿਚਾਣ ਹੁੰਦੀ ਹੈ।
