ਖ਼ਬਰਾਂ |

ਤਾਜ਼ਾ |

ਪਛਮੀ ਏਸ਼ੀਆ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਬਣਾਏ 7 ਅਖਤਿਆਰੀ ਗਰੁੱਪ
Published : Mar 24, 2026, 10:49 pm IST
Updated : Mar 24, 2026, 10:49 pm IST
SHARE ARTICLE
Prime Minister Narendra Modi
Prime Minister Narendra Modi

ਕਿਹਾ, ਜੰਗ ਜਾਰੀ ਰਹੀ ਤਾਂ ਸਿੱਟੇ ਮਾੜੇ ਨਿਕਲਣਗੇ, ਹਰ ਸੰਭਵ ਸਰੋਤ ਤੋਂ ਗੈਸ ਅਤੇ ਤੇਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿਚ ਐਲਾਨ ਕੀਤਾ ਕਿ ਪਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਦੇ ਅਸਰਾਂ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੱਤ ਅਖਤਿਆਰੀ ਗਰੁੱਪ ਬਣਾਏ ਹਨ। ਇਹ ਗਰੁੱਪ ਬਾਲਣ, ਸਪਲਾਈ ਚੇਨ, ਖਾਦਾਂ ਅਤੇ ਮਹਿੰਗਾਈ ਵਰਗੇ ਮੁੱਦਿਆਂ ਉਤੇ ਤੁਰਤ ਅਤੇ ਲੰਮੇ ਸਮੇਂ ਦੀ ਰਣਨੀਤੀ ਤਿਆਰ ਕਰਨਗੇ।

ਮੋਦੀ ਨੇ ਕਿਹਾ, ‘‘ਸਰਕਾਰ ਹਰ ਪੱਖ ਤੋਂ ਸੰਕਟ ਦਾ ਹੱਲ ਲੱਭਣ ਲਈ ਵਿਸਤਿ੍ਰਤ ਰਣਨੀਤੀ ਉਤੇ ਕੰਮ ਕਰ ਰਹੀ ਹੈ — ਚਾਹੇ ਉਹ ਛੋਟੇ ਸਮੇਂ ਦੇ ਪ੍ਰਭਾਵ ਹੋਣ ਜਾਂ ਲੰਮੇ ਸਮੇਂ ਦੇ।’’ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਜੰਗ ਜਾਰੀ ਰਹੀ ਤਾਂ ਇਸ ਦੇ ਸਿੱਟੇ ਮਾੜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਅਤੇ ਸਟਾਕ ਇਕੱਠਾ ਕਰਨ ਵਾਲਿਆਂ ਉਤੇ ਰੋਕ ਲਗਾਉਣ ਲਈ ਸੂਬਾ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਦਿਤੀ ਆਂ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਗੈਸ ਅਤੇ ਕੱਚੇ ਤੇਲ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਸਰੋਤ ਤੋਂ ਖਰੀਦ ਕੀਤੀ ਜਾ ਰਹੀ ਹੈ। ਮੋਦੀ ਨੇ ਕਿਹਾ, ‘‘ਕਿਸਾਨਾਂ ਨੂੰ ਯਕੀਨ ਦਿਵਾਇਆ ਜਾਂਦਾ ਹੈ ਕਿ ਖਾਦਾਂ ਦੀ ਉਪਲਬਧਤਾ ਲਈ ਪੂਰੀ ਤਿਆਰੀ ਕੀਤੀ ਗਈ ਹੈ।’’

ਉਨ੍ਹਾਂ ਨੇ ਯਾਦ ਦਿਵਾਇਆ ਕਿ ਕੋਵਿਡ-19 ਮਹਾਮਾਰੀ ਦੌਰਾਨ ਵੀ ਇਸੇ ਤਰ੍ਹਾਂ ਦੇ ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਚੁਨੌਤੀ ਆਂ ਦਾ ਹੱਲ ਲੱਭਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਹੁਣ ਇਹ ਨਵੇਂ ਗਰੁੱਪ ਪਟਰੌਲ , ਡੀਜ਼ਲ, ਕੁਦਰਤੀ ਗੈਸ ਅਤੇ ਮਹਿੰਗਾਈ ਵਰਗੇ ਮੁੱਦਿਆਂ ਉਤੇ ਕੰਮ ਕਰਨਗੇ।

ਮੋਦੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ, ‘‘ਸਾਨੂੰ ਹਰ ਚੁਨੌਤੀ ਦਾ ਸਾਹਮਣਾ ਧੀਰਜ, ਸੰਜਮ ਅਤੇ ਸ਼ਾਂਤ ਮਨ ਨਾਲ ਕਰਨਾ ਚਾਹੀਦਾ ਹੈ।’’ ਉਨ੍ਹਾਂ ਨੇ ਚੇਤਾਵਨੀ ਦਿਤੀ ਕਿ ਇਸ ਸੰਕਟ ਦੇ ਨਕਾਰਾਤਮਕ ਅਸਰ ਲੰਮੇ ਸਮੇਂ ਤਕ ਰਹਿ ਸਕਦੇ ਹਨ, ਪਰ ਸਰਕਾਰ ਹਰ ਪੱਧਰ ਉਤੇ ਗੰਭੀਰਤਾ ਨਾਲ ਰਣਨੀਤੀਆਂ ਤਿਆਰ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਦਸਿਆ ਕਿ ਭਾਰਤ ਨੇ ਪਿਛਲੇ 11 ਸਾਲਾਂ ਵਿਚ 53 ਲੱਖ ਮੀਟਿ੍ਰਕ ਟਨ ਰਣਨੀਤਿਕ ਤੇਲ ਰਿਜ਼ਰਵ ਬਣਾਏ ਹਨ ਅਤੇ 65 ਲੱਖ ਮੀਟਿ੍ਰਕ ਟਨ ਦੀ ਵਾਧੂ ਸਮਰੱਥਾ ਉਤੇ ਕੰਮ ਜਾਰੀ ਹੈ। ਉਨ੍ਹਾਂ ਨੇ ਜ਼ੋਰ ਦਿਤਾ ਕਿ ਭਾਰਤ ਦੀ ਕੋਸ਼ਿਸ਼ ਹੈ ਕਿ ਜੰਗ ਦਾ ਹੱਲ ਸੰਵਾਦ ਅਤੇ ਕੂਟਨੀਤੀ ਰਾਹੀਂ ਕੀਤਾ ਜਾਵੇ ਅਤੇ ਹੋਰਮੁਜ਼ ਦੀ ਖਾੜੀ ਖੁੱਲ੍ਹੇ। ਅੰਤ ਵਿਚ ਮੋਦੀ ਨੇ ਕਿਹਾ, ‘‘ਲੋਕਾਂ ਦੀ ਭਲਾਈ ਸੱਭ ਤੋਂ ਵੱਡੀ ਪ੍ਰਾਥਮਿਕਤਾ ਹੈ। ਸੰਕਟ ਦੇ ਬਾਵਜੂਦ ਉੱਚ ਆਰਥਕ ਵਿਕਾਸ ਬਣਾਈ ਰਖਣਾ ਸਾਡੀ ਜ਼ਿੰਮੇਵਾਰੀ ਹੈ।’’  

ਬਣੇ-ਬਣਾਏ ਬਿਆਨ ’ਚ ਅਪਣੀ ਤਾਰੀਫ਼ ਹੀ ਕਰਦੇ ਰਹੇ ਮੋਦੀ : ਕਾਂਗਰਸ

ਨਵੀਂ ਦਿੱਲੀ : ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਛਮੀ ਏਸ਼ੀਆ ਦੀ ਸਥਿਤੀ ’ਤੇ ਦਿਤੇ ਬਿਆਨ ਨੂੰ ਲੈ ਕੇ ਕਾਂਗਰਸ ਨੇ ਤਿੱਖੀ ਪ੍ਰਤੀਕ੍ਰਿਆ ਦਿਤੀ ਹੈ। ਕਾਂਗਰਸ ਦੇ ਸੰਚਾਰ ਪ੍ਰਮੁੱਖ ਜੈਰਾਮ ਰਮੇਸ਼ ਨੇ ਕਿਹਾ ਕਿ, ‘‘ਇਹ ਤਿਆਰ ਕੀਤਾ ਹੋਇਆ ਬਿਆਨ ਸੀ, ਜਿਸ ਵਿਚ ਸਿਰਫ਼ ਅਪਣੇ ਹੀ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ।’’ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪ੍ਰਤੀਕਿਰਿਆ ਦਿੰਦਿਆਂ ਰਮੇਸ਼ ਨੇ ਕਿਹਾ, ‘‘ਲੋਕ ਸਭਾ ਵਿਚ ਮੋਦੀ ਦੇ ਕਲ ਵਾਲੇ ਬਿਆਨ ਵਾਂਗ ਹੀ ਵਿਰੋਧੀ ਧਿਰ ਨੂੰ ਮੋਦੀ ਤੋਂ ਉਨ੍ਹਾਂ ਦੇ ਬਿਆਨ ਮਗਰੋਂ ਕੋਈ ਸਫ਼ਾਈ ਮੰਗਣ ਦੀ ਇਜਾਜ਼ਤ ਨਹੀਂ ਦਿਤੀ ਗਈ। ਉਮੀਦ ਅਨੁਸਾਰ ਇਹ ਵੀ ਪਿਛਲੇ 11 ਸਾਲਾਂ ਦੇ ਉਨ੍ਹਾਂ ਵਲੋਂ ਕੀਤੇ ਕੰਮਾਂ ਦੀ ਅਪਣੀ ਤਾਰੀਫ਼ ਨਾਲ ਹੀ ਭਰਿਆ ਪਿਆ ਸੀ।’’ ਰਮੇਸ਼ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਸਹਿਯੋਗ ਦੀ ਗੱਲ ਕੀਤੀ, ਪਰ ਉਹੀ ਸੂਬਿਆਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਲਗਾਤਾਰ ‘‘ਕੁਚਲਦੇ’’ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਵਲੋਂ ਮਜ਼ਦੂਰਾਂ ਦੀ ਸੁਰੱਖਿਆ ਦੀ ਅਪੀਲ ਕਰਨਾ ਵੀ ਵਿਰੋਧਾਭਾਸ ਹੈ, ਕਿਉਂਕਿ ‘‘ਕੋਵਿਡ ਦੌਰਾਨ ਜੀਵਨ ਰੇਖਾ ਬਣੀ ਐਮ.ਜੀ.ਐਨ.ਆਰ.ਈ.ਜੀ.ਏ. ਨੂੰ ਖ਼ਤਮ ਕਰ ਦਿਤਾ ਗਿਆ।’’ 

ਭਾਰਤ ਦੀ ਵਿਦੇਸ਼ ਨੀਤੀ ਹੁਣ ਮੋਦੀ ਦੀ ਨਿੱਜੀ ਵਿਦੇਸ਼ ਨੀਤੀ ਬਣ ਗਈ ਹੈ : ਰਾਹੁਲ ਗਾਂਧੀ 

ਨਵੀਂ ਦਿੱਲੀ : ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਹੁਣ ‘ਮੋਦੀ ਦੀ ਨਿੱਜੀ ਵਿਦੇਸ਼ ਨੀਤੀ’ ਬਣ ਗਈ ਹੈ, ਜਿਸ ਨੂੰ ਦੁਨੀਆਂ ਭਰ ਵਿਚ ‘‘ਮਜ਼ਾਕ‘‘ ਵਜੋਂ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਜ ਸਭਾ ਵਿਚ ਪਛਮੀ ਏਸ਼ੀਆ ਸੰਕਟ ਬਾਰੇ ਦਿਤੇ ਬਿਆਨ ’ਤੇ ਰਾਹੁਲ ਗਾਂਧੀ ਨੇ ਤਿੱਖੀ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਕੋਵਿਡ ਮਹਾਮਾਰੀ ਦੌਰਾਨ ਹੋਈਆਂ ਤ੍ਰਾਸਦੀਆਂ ਨੂੰ ਭੁੱਲ ਗਏ ਹਨ।

ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘‘ਜੇ ਪ੍ਰਧਾਨ ਮੰਤਰੀ ਸਮਝੌਤਾ ਕਰ ਲੈਂਦੇ ਹਨ ਤਾਂ ਸਾਡੀ ਵਿਦੇਸ਼ ਨੀਤੀ ਵੀ ਸਮਝੌਤਾ ਕਰ ਲੈਂਦੀ ਹੈ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਕੱਲ੍ਹ ਉਨ੍ਹਾਂ ਨੇ ਬੇਤੁਕਾ ਕੀਤਾ। ਉਹ ਭਾਰਤ ਦੇ ਪ੍ਰਧਾਨ ਮੰਤਰੀ ਹਨ, ਪਰ ਉਨ੍ਹਾਂ ਦੀ ਕੋਈ ਸਥਿਤੀ ਨਹੀਂ। ਇਹ ਲੋਕਾਂ ਲਈ ਨੁਕਸਾਨਦਾਇਕ ਹੋਵੇਗਾ। ਇਸ ਦਾ ਐਲ.ਪੀ.ਜੀ., ਪਟਰੌਲ , ਖਾਦ ਉਤੇ ਅਸਰ ਪਵੇਗਾ। ਮੋਦੀ ਜੀ ਨੇ ਕਿਹਾ ਕਿ ਕੋਵਿਡ ਵਰਗਾ ਸਮਾਂ ਆ ਰਿਹਾ ਹੈ, ਪਰ ਉਹ ਭੁੱਲ ਗਏ ਕਿ ਉਸ ਵੇਲੇ ਕਿੰਨੇ ਲੋਕ ਮਰੇ ਸਨ।’’ ਸਰਕਾਰ ਉਤੇ ਇਲਜ਼ਾਮ ਲਗਾਇਆ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਦੀ ਕੋਈ ਸਮਝ ਨਹੀਂ।   

ਸਰਕਾਰ ਨੇ ਪਛਮੀ ਏਸ਼ੀਆ ਸੰਕਟ ’ਤੇ ਸਰਬਪਾਰਟੀ ਮੀਟਿੰਗ ਸੱਦੀ

ਨਵੀਂ ਦਿੱਲੀ : ਸਰਕਾਰ ਨੇ ਪਛਮੀ ਏਸ਼ੀਆ ਸੰਕਟ ਉਤੇ ਚਰਚਾ ਲਈ ਬੁਧਵਾਰ ਨੂੰ ਸਰਬ-ਪਾਰਟੀ ਮੀਟਿੰਗ ਸੱਦੀ ਹੈ। ਇਹ ਕਦਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਸਦ ਨੂੰ ਇਸ ਮੁੱਦੇ ’ਤੇ ਸੰਬੋਧਨ ਕਰਨ ਤੋਂ ਬਾਅਦ ਆਇਆ ਹੈ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਇਹ ਸੰਕਟ ਲੰਮੇ ਸਮੇਂ ਤਕ ਰਹਿ ਸਕਦਾ ਹੈ, ਇਸ ਲਈ ਦੇਸ਼ ਨੂੰ ਇਕਜੁੱਟ ਰਹਿਣਾ ਜ਼ਰੂਰੀ ਹੈ, ਜਿਵੇਂ ਕੋਵਿਡ ਮਹਾਮਾਰੀ ਦੌਰਾਨ ਕੀਤਾ ਗਿਆ ਸੀ।

ਮੋਦੀ ਨੇ ਬਾਲਣ, ਖਾਦਾਂ ਅਤੇ ਕੌਮੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਉਤੇ ਸਰਕਾਰ ਵਲੋਂ ਕੀਤੇ ਕਦਮਾਂ ਦੀ ਜਾਣਕਾਰੀ ਦਿਤੀ । ਉਨ੍ਹਾਂ ਨੇ ਜ਼ੋਰ ਦਿਤਾ ਕਿ ‘‘ਭਾਰਤ ਦੀ ਸੰਸਦ ਤੋਂ ਇਕਜੁੱਟ ਸੁਰ ਆਉਣਾ ਚਾਹੀਦਾ ਹੈ ਤਾਂ ਜੋ ਸੰਸਾਰ ਨੂੰ ਸ਼ਾਂਤੀ ਦਾ ਸੰਦੇਸ਼ ਮਿਲੇ।’’

ਦੂਜੇ ਪਾਸੇ, ਕਾਂਗਰਸ ਨੇ ਮੋਦੀ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ‘‘ਆਤਮ-ਸ਼ਲਾਘਾ ਅਤੇ ਕਾਇਰਤਾ ਦਾ ਉਦਾਹਰਨ’’ ਹੈ। ਕਾਂਗਰਸ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ-ਇਜ਼ਰਾਇਲ ਹਮਲਿਆਂ ਦੀ ਨਿੰਦਾ ਨਹੀਂ ਕੀਤੀ। ਪਛਮੀ ਏਸ਼ੀਆ ਵਿਚ ਰਹਿੰਦੇ ਲੱਖਾਂ ਭਾਰਤੀ ਨਾਗਰਿਕਾਂ ਅਤੇ ਵਪਾਰਕ ਜਹਾਜ਼ਾਂ ਉਤੇ ਕੰਮ ਕਰਦੇ ਭਾਰਤੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਹੈ।

ਉਧਰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਬ-ਪਾਰਟੀ ਮੀਟਿੰਗ ਵਿਚ ਉਹ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਉਹ ਕੇਰਲ ਵਿਚ ਇਕ ਪ੍ਰੋਗਰਾਮ ਵਿਚ ਜਾਣ ਵਾਲੇ ਹਨ।  

SHARE ARTICLE

ਏਜੰਸੀ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement