ਸ੍ਰੀ ਦਰਬਾਰ ਸਾਹਿਬ ਪੁੱਜੀਆਂ ਸੀ ਵੱਡੀ ਗਿਣਤੀ ’ਚ ਸੰਗਤਾਂ, ਫ਼ੌਜ ਵੱਲੋਂ ਲਗਾ ਦਿੱਤਾ ਗਿਆ ਸੀ 36 ਘੰਟੇ ਦਾ ਕਰਫਿਊ
ਅੰਮ੍ਰਿਤਸਰ/ਸ਼ਾਹ : 3 ਜੂਨ 1984 ਵਾਲੇ ਦਿਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸੀ। ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਫ਼ੌਜ ਨੇ 36 ਘੰਟੇ ਦਾ ਕਰਫਿਊ ਲਗਾ ਦਿੱਤਾ ਤਾਂ ਕਿ ਕੋਈ ਵੀ ਬਾਹਰ ਨਾ ਜਾ ਸਕੇ। ਇਕ ਤਰ੍ਹਾਂ ਨਾਲ ਸਾਰੀਆਂ ਸੰਗਤਾਂ ਨੂੰ ਬੰਦੀ ਬਣਾ ਲਿਆ ਗਿਆ, ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਸਰਕਾਰ ਅੰਦਰੋਂ ਅੰਦਰੀ ਦੀ ਸਾਜਿਸ਼ ਘੜੀਂ ਬੈਠੀ ਐ। ਸ੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਫ਼ੌਜ ਦੀ ਹਲਚਲ ਵਧਣ ਲੱਗੀ,, ਅੰਦਰ ਬੈਠੀ ਦੂਜੀ ਧਿਰ ਵੀ ਮੋਰਚਾਬੰਦੀ ਵਿਚ ਜੁਟੀ ਹੋਈ ਸੀ। ਸਥਾਨਕ ਅਤੇ ਕੁੱਝ ਹੋਰ ਵੱਡੇ ਪੱਤਰਕਾਰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਹੋਏ ਸੀ। ਉਂਝ ਭਾਵੇਂ ਪੱਤਰਕਾਰਾਂ ਕੋਲ ਪੁੱਛਣ ਲਈ ਬਹੁਤ ਸਾਰੇ ਸਵਾਲ ਸਨ,, ਪਰ ਇਕ ਸਵਾਲ ਸਾਰਿਆਂ ਦਾ ਸਾਂਝਾ ਸੀ,, ਉਹ ਇਹ ਸੀ ਕਿ :
ਪੱਤਰਕਾਰਾਂ ਦੇ ਸਵਾਲ ’ਤੇ ਕੀ ਬੋਲੇ ਭਿੰਡਰਾਂ ਵਾਲੇ?
‘‘ਜੇਕਰ ਹਮਲਾ ਹੋਇਆ ਤਾਂ ਕੀ ਹੋਵੇਗਾ?’’ ਇਸ ਸਵਾਲ ਨੂੰ ਸੁਣ ਕੇ ਇਕ ਵਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਕੁੱਝ ਪਲ਼ ਲਈ ਖਾਮੋਸ਼ ਹੋ ਗਏ,, ਪਰ ਅਗਲੇ ਹੀ ਪਲ ਉਹ ਪੱਤਰਕਾਰਾਂ ਨੂੰ ਬੋਲੇ, ‘‘ਮੇਰੇ ਗੁਰੂ ਨੇ ਸਾਨੂੰ ਕੜਾ ਦਿੱਤੈ, ਚੂੜੀ ਨਹੀਂ,, ਲੋਹੇ ਦੇ ਚਣੇ ਚਬਾ ਦਿਆਂਗੇ।’’
ਇਸ ਤੋਂ ਇਕ ਦਿਨ ਪਹਿਲਾਂ 2 ਜੂਨ 1984 ਨੂੰ ਇੰਦਰਾ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਮਗਰੋਂ ਤੁਰੰਤ ਅੰਮ੍ਰਿਤਸਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ,, ਕਿਉਂਕਿ ਟੈਲੀਫ਼ੋਨਾਂ ਦੀਆਂ ਲਾਈਨਾਂ ਤੱਕ ਕੱਟ ਦਿੱਤੀਆਂ ਗਈਆਂ ਸੀ। ਹਾਲਾਂਕਿ 2 ਜੂਨ ਅਤੇ 3 ਜੂਨ ਨੂੰ ਕੋਈ ਗੋਲੀਬਾਰੀ ਨਹੀਂ ਹੋਈ,, ਪਰ ਕਿਸੇ ਨੂੰ ਵੀ ਗੁਰੂ ਵਿਚੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਜਾ ਰਿਹਾ,, ਇਸ ਤੋਂ ਸਾਫ਼ ਪਤਾ ਚਲਦਾ ਏ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਗੁਰੂ ਘਰ ਵਿਚ ਆਏ ਵੱਧ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਨ ਦੀ ਯੋਜਨਾ ਤਿਆਰ ਕੀਤੀ ਹੋਈ ਸੀ। 3 ਜੂਨ ਨੂੰ ਸ਼ਾਮ ਤੱਕ ਮਾਹੌਲ ਬਹੁਤ ਜ਼ਿਆਦਾ ਤਣਾਅਪੂਰਨ ਹੋ ਚੁੱਕਿਆ ਸੀ। ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਸੀ,, ਪਰ ਫ਼ੌਜ ਨੇ ਘੇਰਾ ਇੰਨਾ ਸੰਘਣਾ ਕਰ ਦਿੱਤਾ ਸੀ ਕਿ ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਇਸ ਮਗਰੋਂ ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜੀ ਘੇਰੇ ਵਿਚ ਲੈ ਕੇ ਜੋ ਸਥਿਤੀ ਪੈਦਾ ਕੀਤੀ ਗਈ, ਉਸ ਨੇ ਸਿੱਖ ਕੌਮ ਦੇ ਮਨਾਂ ’ਤੇ ਅਜਿਹੇ ਜ਼ਖ਼ਮ ਲਗਾਏ ਜੋ ਕਦੇ ਵੀ ਨਹੀਂ ਭਰੇ ਜਾ ਸਕਦੇ। ਅੱਜ ਵੀ ਜੂਨ ਮਹੀਨਾ ਆਉਂਦਿਆਂ ਹੀ ਇਹ ਜ਼ਖ਼ਮ ਫਿਰ ਤੋਂ ਹਰੇ ਹੋ ਜਾਂਦੇ ਨੇ।
