ਦਹੇਜ ਵਿਚ ਮੰਗਦਾ ਸੀ ਕਾਰ
ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬਹਿ ਨੰਗਲ ਵਿਚ ਇੱਕ ਲੜਕੀ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾ ਨੇ ਦੱਸਿਆ ਕਿ ਉਕਤ ਲੜਕੀ ਦਾ 3 ਨਵੰਬਰ 2026 ਨੂੰ ਵਿਆਹ ਰੱਖਿਆ ਹੋਇਆ ਸੀ ਅਤੇ ਡੇਢ ਸਾਲ ਪਹਿਲਾਂ ਉਸ ਦਾ ਰਾਜੀਵ ਨਾਮ ਦੇ ਸ਼ਖਸ ਨਾਲ ਰਿਸ਼ਤਾ ਹੋਇਆ ਸੀ ਜੋ ਕਿ ਪਿੰਜ ਮੈਰੇ ਜੱਟਾਂ ਹਲਕਾ ਮੁਕੇਰੀਆਂ ਨਾਲ ਸਬੰਧਿਤ ਸੀ।
ਲੜਕੀ ਦਾ ਮੰਗੇਤਰ ਉਸ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਗਾਲੀ ਗਲੋਚ ਵੀ ਕਰਦਾ ਰਹਿੰਦਾ ਸੀ। ਉਸਨੇ ਲੜਕੀ ਦੇ ਪਰਿਵਾਰ ਕੋਲੋਂ ਲੱਖਾਂ ਰੁਪਏ ਦੀ ਗੱਡੀ ਦੀ ਦਾਜ ਵਿੱਚ ਮੰਗ ਵੀ ਕੀਤੀ। ਜਿਸ ਕਰਕੇ ਲੜਕੀ ਬਹੁਤ ਜ਼ਿਆਦਾ ਪਰੇਸ਼ਾਨ ਰਹਿ ਰਹੀ ਸੀ। ਪਰਿਵਾਰ ਨੇ ਦੱਸਿਆ ਕੀ ਲੜਕੀ ਦਾ ਮੰਗੇਤਰ ਰਾਜੀਵ ਕਹਿੰਦਾ ਹੁੰਦਾ ਸੀ ਕੀ ਮੈਂ ਸਰਕਾਰੀ ਨੌਕਰੀ ਕਰਦਾ ਹਾਂ ਜੇਕਰ ਮੇਰੇ ਨਾਲ ਤੂੰ ਵਿਆਹ ਕਰਵਾਉਣਾ ਹੈ ਤਾਂ ਤੁਹਾਨੂੰ ਦਾਜ ਵਿੱਚ ਗੱਡੀ ਦੇਣੀ ਪਵੇਗੀ
ਜਿਸ ਨੂੰ ਲੈ ਕੇ ਲੜਕੀ ਅੰਦਰੋਂ-ਅੰਦਰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਚੱਲ ਰਹੀ ਸੀ ਜਿਸ ਤੋਂ ਬਾਅਦ ਉਸ ਵੱਲੋਂ ਆਤਮਹੱਤਿਆ ਦਾ ਕਦਮ ਚੁੱਕ ਲਿਆ ਗਿਆ।ਪਰਿਵਾਰ ਨੇ ਦੱਸਿਆ ਕਿ ਜਦੋਂ ਲੜਕੀ ਨੇ ਆਤਮ ਹੱਤਿਆ ਕੀਤੀ ਤਾਂ ਉਸ ਵੇਲੇ ਲੜਕੀ ਵੱਲੋਂ ਆਪਣੇ ਮੰਗੇਤਰ ਤੇ ਉਸ ਦੀ ਭੈਣ ਨੂੰ ਫੋਨ ਵੀ ਕੀਤਾ ਗਿਆ ਸੀ ਕਿ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ ਪਰ ਮੰਗੇਤਰ ਨੇ ਪਰਿਵਾਰ ਨੂੰ ਇਤਲਾਹ ਦੇਣ ਦੀ ਬਜਾਏ ਇਸ ਗੱਲ ਨੂੰ ਛੁਪਾਇਆ ਜਿਸ ਕਾਰਨ ਲੜਕੀ ਦੀ ਜਾਨ ਚਲੀ ਗਈ। ਜੇਕਰ ਲੜਕਾ ਇਸ ਸਬੰਧੀ ਪਰਿਵਾਰ ਨੂੰ ਸਮਾਂ ਰਹਿੰਦੇ ਜਾਣਕਾਰੀ ਦੇ ਦਿੰਦਾ ਤਾਂ ਲੜਕੀ ਦੀ ਜਾਨ ਬਚ ਸਕਦੀ ਸੀ।
ਪਰ ਲੜਕਾ ਲੜਕੀ ਕੋਲੋਂ ਆਪਣਾ ਪਿੱਛਾ ਛਡਵਾਉਣਾ ਚਾਹੁੰਦਾ ਸੀ। ਜਿਸ ਕਰਕੇ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦਾ ਸੀ।ਉਨਾਂ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਤਾਂ ਲੱਗਿਆ ਕਿ ਲੜਕੀ ਵੱਲੋਂ ਪਤਾ ਨਹੀਂ ਕਿਉਂ ਆਤਮਹੱਤਿਆ ਕੀਤੀ ਗਈ ਪਰ ਜਦੋਂ ਉਹਨਾਂ ਵੱਲੋਂ ਲੜਕੀ ਦਾ ਫੋਨ ਖੋਲਿਆ ਗਿਆ ਤਾਂ ਵੈਟਸਐਪ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੇ ਮਗੇਤਰ ਨੇ ਉਸ ਨੂੰ ਖੁਦਕੁਸ਼ੀ ਲਈ ਉਕਸਾਇਆ ।
ਉਹਨਾਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਵਟਸਐਪ ਚੈਟ ਪੜ੍ਹੀ ਗਈ ਤਾਂ ਉਸ ਦੇ ਮੰਗੇਤਰ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਗੰਦੀਆਂ ਗਾਲਾਂ ਲਿਖੀਆਂ ਹੋਈਆਂ ਸਨ ਅਤੇ ਲੜਕੀ ਨੂੰ ਵਾਰ-ਵਾਰ ਡਰਾਉਂਦਾ ਤੇ ਧਮਕਾਉਂਦਾ ਰਹਿੰਦਾ ਸੀ ਅਤੇ ਵਾਰ-ਵਾਰ ਗੱਡੀ ਦੀ ਮੰਗ ਕਰਦਾ ਸੀ ਅਤੇ ਕਹਿੰਦਾ ਸੀ ਕਿ ਮੈਂ ਸਰਕਾਰੀ ਨੌਕਰੀ ਕਰਦਾ ਹਾਂ
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਤਾਂ ਵਿਆਹ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਲੜਕੀ ਇੰਨੀ ਜ਼ਿਆਦਾ ਪਰੇਸ਼ਾਨ ਚੱਲ ਰਹੀ ਸੀ। ਜੇਕਰ ਪਤਾ ਹੁੰਦਾ ਤਾਂ ਉਹ ਕਾਸ਼ ਲੜਕੀ ਦੀ ਜਾਨ ਬਚਾ ਸਕਦੇ। ਉਹਨਾਂ ਨੇ ਕਿਹਾ ਕਿ ਲੜਕਾ ਬਹੁਤ ਜਿਆਦਾ ਚਲਾਕ ਅਤੇ ਉਸ ਵੱਲੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ।
ਵੈਟਸਐਪ ਰਾਹੀਂ ਹੱਥ ਲੱਗੇ ਸਬੂਤਾਂ ਤੋਂ ਇਹ ਪਤਾ ਚੱਲਿਆ ਕਿ ਲੜਕਾ ਪਿਛਲੇ ਲੰਬੇ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ। ਜੋ ਕਿ ਲੜਕੀ ਸਹਿਣ ਨਾ ਕਰ ਸਕੀ। ਮ੍ਰਿਤਕ ਲੜਕੀ ਦੀ ਪਹਿਚਾਣ ਰਾਧਾ ਰਾਣੀ ਪੁੱਤਰੀ ਧਿਆਨ ਸਿੰਘ ਪਿੰਡ ਬਹਿਨੰਗਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਲੜਕੀ ਐਮ.ਏ ਦੀ ਪੜਾਈ ਕਰ ਰਹੀ ਸੀ। ਪਰਿਵਾਰ ਨੇ ਦੋਸ਼ੀ ਮੰਗੇਤਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਚੱਲ ਰਹੀ ਹੈ।
