ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਲੋਹਾ ਮਨਵਾਇਆ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ): ਮੰਜ਼ਲਾਂ ਉਨ੍ਹਾਂ ਨੂੰ ਹੀ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਪੰਖਾਂ ਨਾਲ ਕੁੱਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਹੁੰਦੀ ਹੈ। ਇਹ ਕਹਾਵਤ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਸੁਖਬੀਰ ਸਿੰਘ ’ਤੇ ਪੂਰੀ ਤਰ੍ਹਾਂ ਢੁਕਦੀ ਹੈ। ਬਚਪਨ ਤੋਂ ਹੀ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੁਖਬੀਰ ਸਰੀਰਕ ਤੌਰ ’ਤੇ ਅਪਾਹਜ ਹਨ। ਉਹ ਨਾ ਆਪ ਚਲ-ਫਿਰ ਸਕਦੇ ਹਨ, ਨਾ ਖਾ-ਪੀ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਹੱਥ ਤੇ ਬਾਹਾਂ ਕੰਮ ਕਰਦੀਆਂ ਹਨ।
ਪਰ ਉਨ੍ਹਾਂ ਦੇ ਬੁਲੰਦ ਹੌਂਸਲੇ ਅਤੇ ਮਜ਼ਬੂਤ ਇਰਾਦਿਆਂ ਅੱਗੇ ਇਹ ਸਰੀਰਕ ਕਮਜ਼ੋਰੀ ਵੀ ਹਾਰ ਮੰਨ ਚੁੱਕੀ ਹੈ। ਸੁਖਬੀਰ ਅਪਣੇ ਪੈਰਾਂ ਨਾਲ ਲਿਖ ਕੇ ਅਪਣੀ ਤਕਦੀਰ ਆਪ ਲਿਖ ਰਹੇ ਹਨ। ਉਸ ਦਾ ਸੁਪਨਾ ਸੈਲੀਬ੍ਰਿਟੀ ਬਣਨ ਦਾ ਹੈ। ਸੁਖਬੀਰ ਸਿੰਘ ਨੇ ਅਪਣੀ ਸ਼ੁਰੂਆਤੀ ਪੜ੍ਹਾਈ (ਪੰਜਵੀਂ ਜਮਾਤ) ਸਰਕਾਰੀ ਰਿਸੋਰਸ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ, ਜਿਸ ਤੋਂ ਬਾਅਦ 10ਵੀਂ ਜਮਾਤ ਸਰਕਾਰੀ ਸਕੂਲ (ਮੁੰਡੇ) ਤੋਂ ਪਾਸ ਕੀਤੀ।
ਅੱਜ-ਕੱਲ੍ਹ ਉਹ ਖ਼ਾਲਸਾ ਦਸ਼ਮੇਸ਼ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਸੁਖਬੀਰ ਨੇ ਅਪਣੀ ਲੋਹਾ ਮਨਵਾਇਆ ਹੈ। ਅਪਣੀ ਹਿੰਮਤ ਦੇ ਸਿਰ ’ਤੇ ਉਨ੍ਹਾਂ ਨੇ ਕੌਮੀ (ਨੈਸ਼ਨਲ) ਪੱਧਰ ਦੀਆਂ ਦੌੜਾਂ ਅਤੇ ਲੰਬੀ ਛਾਲ ਦੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈ ਕੇ ਸੱਭ ਨੂੰ ਹੈਰਾਨ ਕੀਤਾ ਹੈ।
ਸੁਖਬੀਰ ਸਿੰਘ ਅੱਜ ਇਕ ਸਫ਼ਲ ਮੋਟੀਵੇਸ਼ਨਲ ਸਪੀਕਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਜਾਣੇ ਜਾਂਦੇ ਹਨ। ਜਲੰਧਰ ਵਿਖੇ ਆਯੋਜਤ ‘ਸ਼ਿਕਸ਼ਾ ਮਹਾਕੁੰਭ’ ਦੌਰਾਨ ਉਨ੍ਹਾਂ ਨੇ ਗਵਰਨਰ ਅਤੇ ਉੱਚ ਅਧਿਕਾਰੀਆਂ ਦੇ ਸਾਹਮਣੇ ਅਜਿਹੀ ਪ੍ਰੇਰਨਾਦਾਇਕ ਭਾਸ਼ਣ ਦਿਤਾ ਕਿ ਹਰ ਕੋਈ ਝੂਮ ਉਠਿਆ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਵਿਚਾਰਾਂ ਤੋਂ ਉਨ੍ਹਾਂ ਦੇ ਕਾਲਜ ਦੇ ਦੋਸਤ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ। ਜਦੋਂ ਸੁਖਬੀਰ ਨੂੰ ਪੁਛਿਆ ਗਿਆ ਕਿ ਉਹ ਕਿਸ ਤੋਂ ਪ੍ਰਭਵਿਤ ਹਨ, ਤਾਂ ਉਨ੍ਹਾਂ ਦਾ ਜਵਾਬ ਸੀ ਮੈਂ ਖ਼ੁਦ ਅਪਣੇ ਆਪ ਤੋਂ ਪ੍ਰਭਵਤ ਹਾਂ। ਸੁਖਬੀਰ ਦੇ ਪਿਤਾ ਹਰਦੇਵ ਸਿੰਘ, ਜੋ ਕਿ ਜਨ ਸਿਹਤ ਵਿਭਾਗ ਵਿਚ ਕਰਮਚਾਰੀ ਹਨ, ਅਪਣੇ ਪੁੱਤਰ ਦੀ ਹਰ ਲੋੜ ਦਾ ਖ਼ਿਆਲ ਰੱਖਦੇ ਹਨ।
ਉਹ ਅਪਣੇ ਹੱਥੀਂ ਸੁਖਬੀਰ ਨੂੰ ਖਾਣਾ ਖਵਾਉਂਦੇ ਹਨ ਅਤੇ ਸਕੂਲ-ਕਾਲਜ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਹਨ। ਪਿਤਾ ਹਰਦੇਵ ਸਿੰਘ ਅਨੁਸਾਰ, ਸੁਖਬੀਰ ਨੇ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿਤਾ ਕਿ ਉਹ ਕਿਸੇ ਗੱਲੋਂ ਘੱਟ ਹੈ। ਸੁਖਬੀਰ ਸਿੰਘ ਅਪਣੇ ਪ੍ਰਵਾਰ ਦੀ ਆਰਥਕ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਉਨ੍ਹਾਂ ਨੂੰ ਕੋਈ ਅਜਿਹੀ ਢੁੱਕਵੀਂ ਨੌਕਰੀ ਦੇਵੇ, ਜਿਸ ਨਾਲ ਉਹ ਅਪਣੀ ਪੜ੍ਹਾਈ ਵੀ ਜਾਰੀ ਰੱਖ ਸਕਣ ਅਤੇ ਪ੍ਰਵਾਰ ਦਾ ਸਹਾਰਾ ਵੀ ਬਣ ਸਕਣ।
