ਖ਼ਬਰਾਂ |

ਤਾਜ਼ਾ |

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Published : Jun 5, 2026, 7:52 pm IST
Updated : Jun 5, 2026, 7:52 pm IST
SHARE ARTICLE
Jathedar Giani Kuldeep Singh Gargajj expresses condolences to the family of Henry Novak
Jathedar Giani Kuldeep Singh Gargajj expresses condolences to the family of Henry Novak

ਸਥਾਨਕ ਜਥੇਬੰਦੀਆਂ ਨੂੰ ਪੀੜਤ ਪਰਿਵਾਰ ਦਾ ਸਾਥ ਦੇਣ ਅਤੇ ਸਰਕਾਰ ਨੂੰ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ 'ਤੇ ਨਜ਼ਰ ਰੱਖਣ ਦੀ ਤਾਕੀਦ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਦੇ ਨੌਜਵਾਨ ਹੈਨਰੀ ਨੋਵਾਕ ਦੇ ਮਾਮਲੇ ਵਿੱਚ ਉਨ੍ਹਾਂ ਦਾ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਯੂਕੇ ਦੀ ਅਦਾਲਤ ਵੱਲੋਂ ਵਿਕਰਮ ਸਿੰਘ ਦਿਗਵਾ ਨਾਮ ਦੇ ਇੱਕ ਸਿੱਖ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਉਹ ਉਸ ਵੱਲੋਂ ਕੀਤੇ ਅਪਰਾਧ ਦੀ ਬਣਦੀ ਸਜ਼ਾ ਹੈ ਜੋ ਕਾਨੂੰਨ ਮੁਤਾਬਕ ਦੇਣੀ ਬਣਦੀ ਵੀ ਸੀ। ਉਨ੍ਹਾਂ ਕਿਹਾ ਕਿ ਅਪਰਾਧ ਦੀ ਕਾਨੂੰਨ ਮੁਤਾਬਕ ਸਜ਼ਾ ਦੇਣੀ ਜ਼ਰੂਰੀ ਹੈ, ਪਰੰਤੂ ਇਸ ਮਾਮਲੇ ਉੱਤੇ ਕੁਝ ਤਾਕਤਾਂ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣਾ, ਸਿੱਖ ਕਕਾਰ ਕਿਰਪਾਨ ਉੱਤੇ ਪਾਬੰਦੀ ਦੀ ਮੰਗ ਕਰਨਾ ਅਤੇ ਨਫ਼ਰਤ ਦੇ ਸ਼ਿਕਾਰ ਹੋ ਕੇ ਸਿਆਸਤ ਕਰਨਾ ਗਹਿਰੀ ਸਾਜ਼ਸ਼ ਲੱਗਦੀ ਹੈ। ਉਨ੍ਹਾਂ ਕਿਹਾ ਕਿ ਯੂਕੇ ਵਿੱਚ ਕਾਨੂੰਨੀ ਪ੍ਰਕਿਰਿਆ ਨੇ ਦਿਗਵਾ ਨੂੰ ਸਹੀ ਸਜ਼ਾ ਦਿੱਤੀ ਹੈ, ਉਸ ਦੇ ਧਰਮ ਕਰਕੇ ਉਸ ਨੂੰ ਵਿਸ਼ੇਸ਼ ਛੋਟ ਨਹੀਂ ਦਿੱਤੀ ਗਈ ਅਤੇ ਕਾਨੂੰਨ ਰਾਹੀਂ ਨਿਆਂ ਦਿੱਤਾ ਗਿਆ ਹੈ ਅਤੇ ਸਿੱਖ ਭਾਈਚਾਰਾ ਇਸ ਨਾਲ ਸਹਿਮਤ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅਧਾਰ ਬਣਾ ਕੇ ਸਿੱਖਾਂ ਨੂੰ ਵਿਦੇਸ਼ਾਂ ਅੰਦਰ ਬਦਨਾਮ ਕਰਨ ਦੀ ਵੱਡੀ ਸਾਜ਼ਸ਼ ਘੜੀ ਜਾ ਰਹੀ ਹੈ ਜਿਸ ਨੂੰ ਹਰ ਸਿੱਖ ਸਮਝੇ। ਉਨ੍ਹਾਂ ਯੂਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਤਾਕੀਦ ਕੀਤੀ ਕਿ ਉਹ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਖੜ੍ਹਣ ਅਤੇ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਯੂਕੇ ਦੇ ਪ੍ਰਮੁੱਖ ਸਿੱਖਾਂ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੈਨਰੀ ਨੋਵਾਕ ਕਤਲ ਮਾਮਲੇ ਵਿੱਚ ਦੋਸ਼ੀ ਵੱਲੋਂ ਪੇਸ਼ ਕਬਜ਼ ਦੀ ਵਰਤੋਂ ਕੀਤੀ ਹੈ ਜੋ ਕਿ ਸਿੱਖ ਕਕਾਰ ਕਿਰਪਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤ ਅਨੁਸਾਰ ਸਿੱਖ ਕਿਰਪਾਨ ਮਜ਼ਲੂਮਾਂ ਦੀ ਰਾਖੀ ਲਈ ਪਹਿਨਦੇ ਹਨ ਨਾ ਕਿ ਕਿਸੇ ਉੱਤੇ ਅਨਿਆਂ ਕਰਨ ਲਈ। ਉਨ੍ਹਾਂ ਕਿਹਾ ਕਿ ਸਮੁੱਚੀ ਦੁਨੀਆ ਅੰਦਰ ਸਿੱਖ ਸ਼ਾਂਤਮਈ, ਇਕਜੁੱਟ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੀ ਕੌਮ ਹੈ ਅਤੇ ਉਹ ਜਿੱਥੇ ਕਿਤੇ ਵੀ ਵੱਸਦੇ ਹਨ ਉੱਥੋਂ ਦੀ ਚੜ੍ਹਦੀ ਕਲਾ ਅਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਦੇ ਹਨ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਹਰ ਰੋਜ਼ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਜਿਸ ਨੇ ਦੁਨੀਆ ਅੰਦਰ ਮਨੁੱਖਤਾ ਦੀ ਸੇਵਾ ਕਰਕੇ ਵੱਡਾ ਨਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਬਰਤਾਨੀਆ ਨਾਲ ਸਬੰਧ ਕੋਈ ਨਵੇਂ ਨਹੀਂ ਬਲਕਿ ਲਗਭਗ 200 ਸਾਲ ਪੁਰਾਣੇ ਹਨ। ਸਿੱਖਾਂ ਨੇ ਵਿਸ਼ਵ ਯੁੱਧਾਂ ਦੇ ਸਮੇਂ ਬਰਤਾਨੀਆ ਲਈ ਜੰਗਾਂ ਲੜੀਆਂ ਹਨ, ਉੱਥੋਂ ਦੀ ਤਰੱਕੀ ਲਈ ਕਰੜੀ ਮਿਹਨਤ ਕੀਤੀ ਤੇ ਯੋਗਦਾਨ ਪਾਇਆ, ਇਸ ਲਈ ਉੱਥੋਂ ਦੀ ਸਰਕਾਰ ਸਿੱਖਾਂ ਨੂੰ ਪੂਰਾ ਮਾਨ ਸਨਮਾਨ ਅਤੇ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹੈਨਰੀ ਨੋਵਾਕ ਵਾਲੇ ਮਸਲੇ ਨੂੰ ਸਿਆਸੀ ਲਾਹੇ ਲਈ ਵਰਤ ਕੇ ਇੱਕ ਵਿਅਕਤੀ ਦੀ ਗਲਤੀ ਨੂੰ ਸਮੁੱਚੀ ਕੌਮ ਦੇ ਸਿਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਥੇਦਾਰ ਗੜਗੱਜ ਨੇ ਯੂਕੇ ਦੇ ਭਾਈਚਾਰਿਆਂ, ਸਰਕਾਰ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਆਪਸ ਵਿੱਚ ਮਿਲਜੁਲ ਕੇ ਰਹੀਏ ਅਤੇ ਅਜਿਹੀ ਸਾਜ਼ਸ਼ ਨੂੰ ਅਤੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ ਆਪਸੀ ਭਾਈਚਾਰਕ ਸਾਂਝ ਵਿੱਚ ਦੋਫਾੜ ਪਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਾਣਬੁੱਝ ਕੇ ਨਫ਼ਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ ਦੀ ਸਰਕਾਰ ਨੂੰ ਅਜਿਹੇ ਲੋਕਾਂ ਉੱਤੇ ਵਿਸ਼ੇਸ਼ ਨਿਗ੍ਹਾ ਰੱਖਣ ਦੀ ਲੋੜ ਹੈ ਜੋ ਭਾਈਚਾਰਕ ਸਾਂਝ ਨੂੰ ਸੱਟ ਮਾਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਮੀਡੀਆ ਅਤੇ ਸੋਸ਼ਲ ਮੀਡੀਆ ਚੈਨਲਾਂ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਕਿ ਇਸ ਮਾਮਲੇ ਨਾਲ ਸਬੰਧਤ ਰਿਪੋਰਟਾਂ ਨੂੰ ਤੱਥਾਂ ਅਤੇ ਸੱਚ ਦੇ ਅਧਾਰ ਉੱਤੇ ਪ੍ਰਕਾਸ਼ਿਤ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਦੀ ਭਾਵਨਾ ਨੂੰ ਅਗਾਂਹ ਵਧਾਉਣ ਲਈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement