ਬੰਗਾ-ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਸੜਕ ਨੂੰ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਕੀਤੀ ਮੰਗ
ਨਵੀਂ ਦਿੱਲੀ/ਸ੍ਰੀ ਅਨੰਦਪੁਰ ਸਾਹਿਬ: ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸੰਸਦ ਮੈਂਬਰ ਕੰਗ ਨੇ ਇਲਾਕੇ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਪ੍ਰਮੁੱਖ ਮੰਗ ਨੂੰ ਇੱਕ ਵਾਰ ਫਿਰ ਮਜ਼ਬੂਤੀ ਨਾਲ ਕੇਂਦਰ ਸਰਕਾਰ ਅੱਗੇ ਰੱਖਿਆ।
ਉਹਨਾਂ ਨੇ ਬੰਗਾ–ਗੜ੍ਹਸ਼ੰਕਰ–ਸ਼੍ਰੀ ਅਨੰਦਪੁਰ ਸਾਹਿਬ–ਨੈਣਾ ਦੇਵੀ ਸੜਕ ਨੂੰ 'ਰਾਸ਼ਟਰੀ ਰਾਜਮਾਰਗ' (ਨੈਸ਼ਨਲ ਹਾਈਵੇ) ਦਾ ਦਰਜਾ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ।
ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਹ ਮਾਰਗ ਸਿਰਫ਼ ਇੱਕ ਆਮ ਸੜਕ ਨਹੀਂ ਹੈ, ਸਗੋਂ ਰੋਜ਼ਾਨਾ ਆਉਣ-ਜਾਣ ਵਾਲੇ ਆਮ ਯਾਤਰੀਆਂ, ਸ਼ਰਧਾਲੂਆਂ ਅਤੇ ਖੇਤਰ ਦੇ ਆਰਥਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਸ ਸੜਕ ਨੂੰ ਨੈਸ਼ਨਲ ਹਾਈਵੇ ਬਣਾਉਣ ਨਾਲ ਜਿੱਥੇ ਧਾਰਮਿਕ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ, ਉੱਥੇ ਹੀ ਖੇਤਰ ਵਿੱਚ ਆਵਾਜਾਈ ਦੇ ਸਾਧਨ ਹੋਰ ਬਿਹਤਰ ਹੋਣਗੇ।
ਇਸ ਮੰਗ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਹਾਂਪੱਖੀ ਹੁੰਗਾਰਾ ਭਰਦਿਆਂ ਜਲਦ ਅਤੇ ਸਕਾਰਾਤਮਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਮੁਲਾਕਾਤ ਤੋਂ ਬਾਅਦ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਆਸ ਪ੍ਰਗਟਾਉਂਦਿਆਂ ਕਿਹਾ: "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਜਲਦੀ ਹੀ ਸਾਕਾਰ ਹੋਵੇਗੀ, ਜਿਸ ਨਾਲ ਖੇਤਰ ਵਿੱਚ ਸੰਪਰਕ, ਧਾਰਮਿਕ ਸੈਰ-ਸਪਾਟੇ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।"
