ਤੁਹਾਡੇ ਘਰ ਦੀ ਕੰਧ ਵੀ ਬਣ ਸਕਦੀ ਹੈ ਜ਼ਹਿਰ
ਮੋਹਾਲੀ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੂਬੇ ਵਿਚ ਲੈੱਡ (ਸੀਸਾ) ਮੁਕਤ ਅਤੇ ਵਾਤਾਵਰਣ ਅਨੁਕੂਲ ਪੇਂਟਾਂ ਦੀ ਵਰਤੋਂ ਕਰਨ ਦੀ ਅਪੀਲ ਤੋਂ ਬਾਅਦ ਇਕ ਵਾਰ ਫਿਰ ਲੈੱਡ ਵਾਲੇ ਪੇਂਟਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਛਿੜ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਖ਼ਤਰਾ ਸਿਰਫ਼ ਨਵੇਂ ਪੇਂਟ ਤੋਂ ਨਹੀਂ, ਸਗੋਂ ਸਾਲਾਂ ਪੁਰਾਣੀਆਂ ਕੰਧਾਂ ਤੋਂ ਝੜ ਰਹੀ ਪੇਂਟ ਦੀ ਧੂੜ ਤੋਂ ਵੀ ਹੈ, ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਲਈ ਗੰਭੀਰ ਜੋਖਮ ਬਣ ਸਕਦੀ ਹੈ। ਉਦਯੋਗਿਕ ਕ੍ਰਾਂਤੀ ਤੋਂ ਬਾਅਦ ਦੁਨੀਆ ਭਰ ਵਿਚ ਲੈੱਡ ਵਾਲੇ ਪੇਂਟਾਂ ਦੀ ਵਰਤੋਂ ਵੱਡੇ ਪੱਧਰ ’ਤੇ ਹੋਣ ਲੱਗੀ ਸੀ।
ਚਮਕੀਲੇ ਰੰਗ, ਟਿਕਾਊਪਣ ਅਤੇ ਘੱਟ ਲਾਗਤ ਕਾਰਨ ਇਹ ਪੇਂਟ ਘਰਾਂ, ਸਕੂਲਾਂ, ਹਸਪਤਾਲਾਂ, ਖਿਡੌਣਿਆਂ ਅਤੇ ਫਰਨੀਚਰ ਤਕ ਵਿਚ ਵਰਤੇ ਜਾਂਦੇ ਰਹੇ। ਪਰ ਬਾਅਦ ਵਿਚ ਹੋਈਆਂ ਵਿਗਿਆਨਕ ਖੋਜਾਂ ਨੇ ਸਾਬਤ ਕੀਤਾ ਕਿ ਲੈੱਡ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਮਾਹਰਾਂ ਅਨੁਸਾਰ ਨਵਾਂ ਲੱਗਿਆ ਪੇਂਟ ਹਮੇਸ਼ਾ ਤੁਰਤ ਨੁਕਸਾਨ ਨਹੀਂ ਕਰਦਾ, ਪਰ ਜਦੋਂ ਪੁਰਾਣਾ ਪੇਂਟ ਝੜਦਾ ਹੈ ਜਾਂ ਮੁਰੰਮਤ ਦੌਰਾਨ ਰਗੜ ਕੇ ਹਟਾਇਆ ਜਾਂਦਾ ਹੈ ਤਾਂ ਉਸ ਵਿਚੋਂ ਨਿਕਲਣ ਵਾਲੀ ਬਾਰੀਕ ਧੂੜ ਵਿਚ ਲੈੱਡ ਦੇ ਕਣ ਹੁੰਦੇ ਹਨ। ਛੋਟੇ ਬੱਚੇ ਫ਼ਰਸ਼ ’ਤੇ ਖੇਡਦੇ ਸਮੇਂ ਜਾਂ ਕੰਧਾਂ ਨੂੰ ਹੱਥ ਲਾ ਕੇ ਉਹ ਕਣ ਅਣਜਾਣੇ ਵਿਚ ਮੂੰਹ ਰਾਹੀਂ ਸਰੀਰ ਵਿਚ ਪਹੁੰਚਾ ਲੈਂਦੇ ਹਨ। ਇਸੇ ਲਈ ਵਿਸ਼ਵ ਪੱਧਰ ’ਤੇ ਬੱਚਿਆਂ ਨੂੰ ਲੈੱਡ ਦੇ ਸੰਪਰਕ ਤੋਂ ਬਚਾਉਣ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਤੇ ਯੂਨੀਸੈੱਫ ਵੀ ਚੇਤਾਵਨੀ ਦੇ ਚੁੱਕੇ ਹਨ ਕਿ ਲੈੱਡ ਦੇ ਸੰਪਰਕ ਵਿਚ ਆਉਣ ਨਾਲ ਬੱਚਿਆਂ ਦੀ ਬੁੱਧੀ, ਸਿੱਖਣ ਦੀ ਸਮਰੱਥਾ, ਧਿਆਨ ਕੇਂਦਰਿਤ ਕਰਨ ਦੀ ਯੋਗਤਾ ਅਤੇ ਵਿਵਹਾਰ ’ਤੇ ਮਾੜਾ ਅਸਰ ਪੈ ਸਕਦਾ ਹੈ। ਗੰਭੀਰ ਹਾਲਾਤਾਂ ਵਿਚ ਇਹ ਦੌਰੇ, ਕੋਮਾ ਅਤੇ ਮੌਤ ਤੱਕ ਦਾ ਕਾਰਨ ਵੀ ਬਣ ਸਕਦਾ ਹੈ। ਗਰਭਵਤੀ ਔਰਤਾਂ ਵਿਚ ਲੈੱਡ ਪਲੇਸੈਂਟਾ ਰਾਹੀਂ ਗਰਭ ਵਿਚ ਪਲ ਰਹੇ ਬੱਚੇ ਤਕ ਪਹੁੰਚ ਸਕਦਾ ਹੈ, ਜਿਸ ਨਾਲ ਜਨਮ ਤੋਂ ਪਹਿਲਾਂ ਹੀ ਬੱਚੇ ਦੇ ਦਿਮਾਗੀ ਅਤੇ ਸਰੀਰਕ ਵਿਕਾਸ ’ਤੇ ਅਸਰ ਪੈ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਘਰ ਬਣਾਉਣ ਜਾਂ ਪੁਰਾਣੇ ਘਰਾਂ ਦੀ ਮੁਰੰਮਤ ਕਰਵਾਉਂਦੇ ਸਮੇਂ ਸਿਰਫ਼ ਲੈੱਡ-ਮੁਕਤ ਪੇਂਟ ਹੀ ਵਰਤੇ ਜਾਣ। ਜੇਕਰ ਘਰ, ਸਕੂਲ ਜਾਂ ਹੋਰ ਇਮਾਰਤਾਂ ਵਿਚ ਪੁਰਾਣਾ ਪੇਂਟ ਝੜ ਰਿਹਾ ਹੋਵੇ ਤਾਂ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਹਟਾਇਆ ਜਾਵੇ ਅਤੇ ਬੱਚਿਆਂ ਨੂੰ ਅਜਿਹੀਆਂ ਥਾਵਾਂ ਤੋਂ ਦੂਰ ਰਖਿਆ ਜਾਵੇ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਤਾਜ਼ਾ ਅਪੀਲ ਨੇ ਇਕ ਵਾਰ ਫਿਰ ਇਹ ਸਵਾਲ ਖੜਾ ਕਰ ਦਿਤਾ ਹੈ ਕਿ ਪੰਜਾਬ ਦੇ ਪੁਰਾਣੇ ਘਰਾਂ, ਸਕੂਲਾਂ ਅਤੇ ਸਰਕਾਰੀ ਇਮਾਰਤਾਂ ਵਿਚ ਵਰਤੇ ਗਏ ਪੇਂਟ ਕਿੰਨੇ ਸੁਰੱਖਿਅਤ ਹਨ ਅਤੇ ਕੀ ਉਨ੍ਹਾਂ ਦੀ ਕਦੇ ਜਾਂਚ ਕੀਤੀ ਗਈ ਹੈ। ਇਹ ਸਵਾਲ ਹੁਣ ਜਨਤਕ ਸਿਹਤ ਨਾਲ ਵੀ ਸਿੱਧਾ ਜੁੜ ਗਿਆ ਹੈ।
