ਸਮਰਾਲਾ ਹਲਕੇ ਦੇ ਪ੍ਰਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਤੁਰਤ ਦਖ਼ਲ ਦੀ ਕੀਤੀ ਮੰਗ
ਸਮਰਾਲਾ (ਜਤਿੰਦਰ ਰਾਜੂ): ਸਮਰਾਲਾ ਹਲਕੇ ਦੇ ਪਿੰਡ ਮਾਣਕੀ ਦੇ ਵਸਨੀਕ ਛਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਦੇ ਇਕਲੌਤੇ ਪੁੱਤਰ ਸੁਖਚੈਨ ਸਿੰਘ (29) ਨੂੰ ਮਈ 2025 ਵਿਚ ਹੋਏ ਇਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਸਾਊਦੀ ਅਰਬ ਦੀ ਜੇਲ ਵਿਚ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪ੍ਰਵਾਰ ਵਿਚ ਚਿੰਤਾ ਦਾ ਮਾਹੌਲ ਹੈ। ਅਪਣੇ ਪੁੱਤਰ ਦੀ ਜਾਨ ਬਚਾਉਣ ਲਈ ਮਾਤਾ ਕੁਲਵਿੰਦਰ ਕੌਰ ਅਤੇ ਪਿਤਾ ਛਿੰਦਰ ਸਿੰਘ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਅੱਗੇ ਭਾਵੁਕ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਤੁਰਤ ਦਖ਼ਲ ਦੇ ਕੇ ਸੁਖਚੈਨ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਯਤਨ ਕੀਤੇ ਜਾਣ।
ਇਸੇ ਮਾਮਲੇ ਵਿਚ ਪਿੰਡ ਬਰਸਾਲਪੁਰ, ਚਮਕੌਰ ਸਾਹਿਬ ਦੇ ਵਸਨੀਕ ਗੁਰਦੀਪ ਸਿੰਘ ਨੂੰ ਵੀ ਸਜ਼ਾ ਸੁਣਾਏ ਜਾਣ ਦੀ ਗੱਲ ਪ੍ਰਵਾਰ ਵਲੋਂ ਦੱਸੀ ਗਈ ਹੈ। ਦੋਵਾਂ ਨੌਜਵਾਨਾਂ ਦੇ ਪ੍ਰਵਾਰ ਇਸ ਸਮੇਂ ਅਪਣੇ ਪੁੱਤਰਾਂ ਦੀ ਜਾਨ ਬਚਾਉਣ ਲਈ ਸਰਕਾਰ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਪ੍ਰਵਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਝਗੜੇ ਨਾਲ ਸਬੰਧਤ ਹੈ। ਦਸਿਆ ਜਾ ਰਿਹਾ ਹੈ ਕਿ ਸੁਖਚੈਨ ਸਿੰਘ ਅਤੇ ਗੁਰਦੀਪ ਸਿੰਘ ਨਾਲ ਇਕ ਪਾਕਿਸਤਾਨੀ ਨੌਜਵਾਨ ਦੇ ਨਾਲ ਝਗੜੇ ਦੌਰਾਨ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਾਊਦੀ ਅਰਬ ਦੀ ਪੁਲਿਸ ਨੇ ਦੋਵਾਂ ਪੰਜਾਬੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਅਦਾਲਤ ਵਿਚ ਚਲਿਆ।
ਪ੍ਰਵਾਰਾਂ ਮੁਤਾਬਕ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਸਾਊਦੀ ਅਰਬ ਦੀ ਅਦਾਲਤ ਵਲੋਂ ਦੋਵਾਂ ਨੌਜਵਾਨਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਗਈ ਹੈ। ਪ੍ਰਵਾਰ ਵਲੋਂ ਦੱਸੀ ਜਾਣਕਾਰੀ ਅਨੁਸਾਰ ਅਦਾਲਤ ਦਾ ਫ਼ੈਸਲਾ 29 ਸਤੰਬਰ ਨੂੰ ਆਇਆ ਅਤੇ ਸਜ਼ਾ ਨੂੰ ਅਮਲ ਵਿਚ ਲਿਆਉਣ ਲਈ 30 ਦਿਨਾਂ ਦੀ ਮਿਆਦ ਦਿਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸੁਖਚੈਨ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਪਤਨੀ ਛਿੰਦਰ ਸਿੰਘ ਨੇ ਸਰਕਾਰ ਅੱਗੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਸੁਖਚੈਨ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਅਤੇ ਪ੍ਰਵਾਰ ਦੀਆਂ ਸਾਰੀਆਂ ਉਮੀਦਾਂ ਉਸ ਨਾਲ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਉਹ ਅਪਣੇ ਪੁੱਤਰ ਨੂੰ ਸਾਊਦੀ ਅਰਬ ਤੋਂ ਸੁਰੱਖਿਅਤ ਵਾਪਸ ਘਰ ਆਉਂਦਾ ਦੇਖਣਾ ਚਾਹੁੰਦੀ ਹੈ। ਕੁਲਵਿੰਦਰ ਕੌਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਊਦੀ ਅਰਬ ਵਿਚ ਭਾਰਤੀ ਦੂਤਾਵਾਸ ਰਾਹੀਂ ਇਸ ਮਾਮਲੇ ਵਿਚ ਤੁਰਤ ਕਾਨੂੰਨੀ ਸਹਾਇਤਾ ਮੁਹਈਆ ਕਰਵਾਈ ਜਾਵੇ ਅਤੇ ਸੁਖਚੈਨ ਸਿੰਘ ਦੀ ਸਜ਼ਾ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਕਾਨੂੰਨੀ ਅਤੇ ਕੂਟਨੀਤਕ ਰਾਹ ਅਪਣਾਇਆ ਜਾਵੇ।
ਫੋਟੋ-1
