ਕੁਝ ਸਮਾਂ ਪਹਿਲਾਂ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ
ਬਟਾਲਾ: ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਸੈਰੋਵਾਲ ਦੇ ਪਿਓ ਪੁੱਤ ਬਿਜਲੀ ਦੇ ਇੱਕ ਉੱਚੇ ਟਾਵਰ ਉੱਤੇ ਇਸ ਕਰਕੇ ਚੜ੍ਹੇ ਕਿ ਉਹਨਾਂ ਨੇ ਦੋਸ਼ ਲਾਇਆ ਕਿ ਬਟਾਲਾ ਦੀ ਪੁਲਿਸ ਉਹਨਾਂ ਦੇ ਸਕੂਲ ਪੜ੍ਹਦੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ। ਟਾਵਰ ਉੱਤੇ ਚੜ੍ਹੇ ਹਰਦੇਵ ਸਿੰਘ ਉਰਫ ਹੀਰਾ ਸਿੰਘ ਅਤੇ ਉਸ ਦੇ ਸਪੁੱਤਰ ਹਰਮਨ ਸਿੰਘ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਉਹਨਾਂ ਦੇ ਪੁੱਤਰ ਦਾ ਸਕੂਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ।
ਕਤਲ ਕਰਨ ਵਾਲੀ ਪਾਰਟੀ ਵੱਲੋਂ ਹੁਣ ਉਹਨਾਂ ਨੂੰ ਇਸ ਮਾਮਲੇ ਵਿੱਚ ਗਵਾਹੀਆਂ ਨਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਬੀਤੇ ਦਿਨ ਵੀ ਜਦ ਉਹ ਗਵਾਹੀ ਦੇਣ ਬਟਾਲੇ ਗਏ ਸਨ, ਤਾਂ ਉਹਨਾਂ ਨਾਲ ਝਗੜਾ ਕਰਦੇ ਹੋਏ ਕੁੱਟਮਾਰ ਕੀਤੀ ਗਈ ਸੀ ਪਰ ਪੁਲਿਸ ਨੇ ਉਲਟਾ ਹਰਦੇਵ ਸਿੰਘ ਅਤੇ ਹਰਮਨ ਸਿੰਘ ਆਦਿ ਦੇ ਉੱਤੇ ਹੀ ਝੂਠਾ ਮਾਮਲਾ ਦਰਜ ਕਰ ਦਿੱਤਾ ਹੈ।
ਉਹਨਾਂ ਨੇ ਕਿਹਾ ਕਿ ਇਸ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਅਤੇ ਆਪਣੇ ਬੇਟੇ ਦੀ ਰਿਹਾਈ ਲਈ ਉਹ ਟਾਵਰ ਉੱਤੇ ਚੜੇ ਹਨ। ਇਸ ਮੌਕੇ ਥਾਣਾ ਮੁਖੀ ਘੁਮਾਣ ਹਰਜਿੰਦਰ ਸਿੰਘ ਵੀ ਪਹੁੰਚੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਬਟਾਲਾ ਥਾਣੇ ਦਾ ਹੈ, ਜਿੱਥੇ ਇਹਨਾਂ ਦੇ ਝਗੜੇ ਵਿੱਚ ਕੁਝ ਮੈਂਬਰਾਂ ਨੂੰ ਨਾਮਜਦ ਕੀਤਾ ਗਿਆ ਹੈ। ਪਰ ਇਸ ਮਾਮਲੇ ਦੀ ਪੂਰੀ ਸੁਣਵਾਈ ਅਤੇ ਕਿਸੇ ਵੀ ਇਨਕੁਆਰੀ ਲਈ ਉੱਚ ਪੁਲਿਸ ਅਧਿਕਾਰੀ ਅਤੇ ਉਕਤ ਥਾਣੇ ਵਿੱਚ ਹੀ ਇਹਨਾਂ ਹਰਦੇਵ ਸਿੰਘ ਅਤੇ ਪਰਿਵਾਰ ਦੀ ਕੋਈ ਸੁਣਵਾਈ ਹੋ ਸਕਦੀ ਹੈ।
ਇਸ ਮੌਕੇ ਐਸਐਚਓ ਘੁਮਾਣ ਅਤੇ ਹੋਰ ਕੁਝ ਪਤਵੰਤਿਆਂ ਨੇ ਟਾਵਰ ਉੱਤੇ ਚੜੇ ਹੋਏ ਹਰਦੇਵ ਸਿੰਘ ਅਤੇ ਹਰਮਨ ਸਿੰਘ ਨੂੰ ਹੇਠਾਂ ਉਤਰ ਕੇ ਆਪਣੇ ਇਨਸਾਫ ਲਈ ਬਣਦੀ ਮੰਗ ਕਰਨ ਦੀ ਅਪੀਲ ਕੀਤੀ।
