ਹਾਦਸੇ 'ਚ 2 ਦੀ ਮੌਤ, ਇੱਕ ਦੀ ਹਾਲਤ ਗੰਭੀਰ, ਹਾਦਸੇ ਤੋਂ ਬਾਅਦ ਚਾਲਕ ਨੇ ਟਰੱਕ ਭਜਾ ਲਿਆ ਅਤੇ ਕੁੱਝ ਦੂਰੀ 'ਤੇ ਜਾ ਕੇ ਇੱਕ ਮਹਿਲਾ ਨੂੰ ਦਰੜ ਦਿੱਤਾ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਹਲਕਾ ਟਾਂਡਾ-ਮਿਆਣੀ ਰੋਡ 'ਤੇ ਅੱਡਾ ਪੁਲ ਪੁਖ਼ਤਾ ਦੇ ਨਜ਼ਦੀਕ ਇੱਕ ਬੇਕਾਬੂ ਟਰੱਕ ਨੇ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਤੀਜੇ ਵਿਅਕਤੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਟਾਂਡਾ ਦੇ ਸਿਵਲ ਹਸਪਤਾਲ ਵਿੱਚ ਮੁਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਰਭਜਨ ਕੌਰ (ਨਿਵਾਸੀ ਮਿਆਣੀ) ਅਤੇ ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਜ਼ਖਮੀ ਵਿਅਕਤੀ ਵੀ ਟਾਂਡਾ ਦਾ ਹੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਦੇਰ ਸ਼ਾਮ ਟਾਂਡਾ-ਮਿਆਣੀ ਰੋਡ 'ਤੇ ਤੇਜ਼ ਰਫਤਾਰ ਟਰੱਕ ਨੇ ਸੜਕ ਕਿਨਾਰੇ ਪੈਦਲ ਜਾ ਰਹੇ ਦੋ ਲੋਕਾਂ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉੱਥੋਂ ਟਰੱਕ ਲੈ ਕੇ ਫ਼ਰਾਰ ਹੋ ਗਿਆ। ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਵੱਲੋਂ ਟਰੱਕ ਦਾ ਪਿੱਛਾ ਕੀਤਾ ਗਿਆ, ਜਿਸ ਤੋਂ ਘਬਰਾ ਕੇ ਟਰੱਕ ਚਾਲਕ ਨੇ ਸੜਕ ਕਿਨਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਇੱਕ ਮਹਿਲਾ ਨੂੰ ਵੀ ਕੁਚਲ ਦਿੱਤਾ। ਤਿੰਨਾਂ ਨੂੰ ਟਾਂਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮਹਿਲਾ ਅਤੇ ਇੱਕ ਪੁਰਸ਼ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਇੱਕ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪੁਲਿਸ ਨੇ ਟਰੱਕ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
