ਨਰਿੰਦਰ ਸਿੰਘ ਮਨਸੂ ਮੇਅਰ, ਕਾਮਾਕਸ਼ੀ ਦੁੱਗਲ ਸੀਨੀਅਰ ਡਿਪਟੀ ਮੇਅਰ ਅਤੇ ਸਮੀਰ ਸ਼ਰਮਾ ਡਿਪਟੀ ਮੇਅਰ ਬਣੇ
ਕਪੂਰਥਲਾ : 50 ਵਾਰਡਾਂ ਵਾਲੀ ਕਪੂਰਥਲਾ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਵੱਡਾ ਸਿਆਸੀ ਉਲਟਫੇਰ ਵੇਖਣ ਨੂੰ ਮਿਲਿਆ । ਕਾਂਗਰਸ ਦੇ ਬਾਗੀ ਧੜੇ ਨਾਲ ਜੁੜੇ ਨਰਿੰਦਰ ਸਿੰਘ ਮਨਸੂ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਮੇਅਰ ਚੁਣੇ ਗਏ । ਇਸ ਨਤੀਜੇ ਨੂੰ ਜ਼ਿਲ੍ਹੇ ਦੀ ਸਿਆਸਤ ਵਿੱਚ ਇੱਕ ਵੱਡੇ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਸ ਨਾਲ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸਿਆਸੀ ਝਟਕਾ ਲੱਗਣ ਦੀ ਚਰਚਾ ਹੈ।
ਮੇਅਰ ਚੁਣੇ ਜਾਣ ਤੋਂ ਬਾਅਦ ਨਰਿੰਦਰ ਸਿੰਘ ਮਨਸੂ ਨੇ ਆਪਣੇ ਪਹਿਲੇ ਬਿਆਨ ਵਿੱਚ ਕਿਹਾ ਕਿ ਉਹ ਕਿਸੇ ਇੱਕ ਪਾਰਟੀ ਦੇ ਨਹੀਂ, ਸਗੋਂ ਪੂਰੇ ਕਪੂਰਥਲਾ ਸ਼ਹਿਰ ਦੇ ਮੇਅਰ ਹਨ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ । ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੂਰੀ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਪਣੇ ਸਮੇਤ 27 ਜੇਤੂ ਮੈਂਬਰਾਂ ਦਾ ਸਮਰਥਨ ਸੀ, ਪਰ ਇਸ ਦੇ ਬਾਵਜੂਦ ਹੰਗਾਮੇ ਵਾਲੇ ਮਾਹੌਲ ਵਿੱਚ ਵਿਰੋਧੀ ਧਿਰ ਨੇ ਆਪਣੇ ਆਪ ਨੂੰ ਮੇਅਰ ਐਲਾਨ ਕਰ ਦਿੱਤਾ ਅਤੇ ਉੱਥੋਂ ਚਲੇ ਗਏ।
ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਕਪੂਰਥਲਾ ਵਿੱਚ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੇ ਲੋਕਤੰਤਰੀ ਪਰੰਪਰਾਵਾਂ ਨੂੰ ਤਾਕ 'ਤੇ ਰੱਖ ਕੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਨੂੰਨੀ ਅਤੇ ਲੋਕਤੰਤਰੀ ਲੜਾਈ ਲੜੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਪੂਰਥਲਾ ਦੇ ਲੋਕ ਇਸ ਘਟਨਾ ਦਾ ਜਵਾਬ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਗੇ।
ਮੇਅਰ ਦੀ ਚੋਣ ਤੋਂ ਬਾਅਦ ਕਪੂਰਥਲਾ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। ਜਿੱਥੇ ਨਵੀਂ ਮੇਅਰਸ਼ਿਪ ਨੂੰ ਲੈ ਕੇ ਇੱਕ ਧੜਾ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਵਿਰੋਧੀ ਧਿਰ ਵੱਲੋਂ ਚੋਣ ਪ੍ਰਕਿਰਿਆ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ ਜਾਣ ਕਾਰਨ ਇਹ ਮਾਮਲਾ ਸਿਆਸੀ ਤੌਰ 'ਤੇ ਹੋਰ ਗਰਮਾਉਣ ਦੀ ਸੰਭਾਵਨਾ ਬਣ ਗਈ ਹੈ।
