ਪਤਾ ਲੱਗਣ ਤੋਂ ਬਾਅਦ ਪਵਨ ਦਾ ਘਟਿਆ ਬੀ.ਪੀ.
ਫਾਜ਼ਿਲਕਾ : ਫ਼ਾਜ਼ਿਲਕਾ ਵਿੱਚ ਇੱਕ ਵਿਅਕਤੀ ਨਾਗਾਲੈਂਡ ਸਟੇਟ ਲਾਟਰੀ ਦਾ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਣ ਤੋਂ ਸਿਰਫ਼ ਇੱਕ ਨੰਬਰ ਨਾਲ ਖੁੰਝ ਗਿਆ । ਜਦੋਂ ਇਹ ਜਾਣਕਾਰੀ ਲਾਟਰੀ ਦੀ ਟਿਕਟ ਖਰੀਦਣ ਵਾਲੇ ਪਵਨ ਕੁਮਾਰ ਨੂੰ ਮਿਲੀ ਤਾਂ ਉਸਦਾ ਅਚਾਨਕ ਬੀ.ਪੀ. ਘਟ ਗਿਆ ਅਤੇ ਉਸ ਦੀ ਸਿਹਤ ਖ਼ਰਾਬ ਹੋ ਗਈ। ਲਾਟਰੀ ਵਿਕਰੇਤਾ ਨੇ ਤੁਰੰਤ ਉਸ ਨੂੰ ਨਿੰਬੂ ਪਾਣੀ ਅਤੇ ਕੋਲਡ ਡਰਿੰਕ ਪਿਲਾਇਆ, ਜਿਸ ਤੋਂ ਬਾਅਦ ਪਵਨ ਕੁਮਾਰ ਨੂੰ ਕੱਝ ਰਾਹਤ ਮਹਿਸੂਸ ਹੋਈ।ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਾਜ਼ਿਲਕਾ ਦੇ ਮੇਹਰੀਆਂ ਬਾਜ਼ਾਰ ’ਚੋਂ ਰੂਪ ਚੰਦ ਲਾਟਰੀ ਵਾਲਿਆਂ ਤੋਂ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ ਨੰਬਰ 61B 49531 ਖਰੀਦੀ ਸੀ । ਲਾਟਰੀ ਦਾ ਨਤੀਜਾ ਕੱਲ੍ਹ ਰਾਤ ਅੱਠ ਵਜੇ ਐਲਾਨਿਆ ਗਿਆ ਸੀ। ਅੱਜ ਸਵੇਰੇ ਜਦੋਂ ਉਹ ਆਪਣੀ ਟਿਕਟ ਦਾ ਨੰਬਰ ਮਿਲਾਉਣ ਲਈ ਰੂਪ ਲਾਟਰੀ ਦੀ ਦੁਕਾਨ 'ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਟਿਕਟ ਇੱਕ ਅੰਕ ਨਾਲ ਇੱਕ ਕਰੋੜ ਰੁਪਏ ਦਾ ਇਨਾਮ ਜਿੱਤਣੋਂ ਰਹਿ ਗਈ ਹੈ। ਉਨ੍ਹਾਂ ਕੋਲ ਟਿਕਟ ਨੰਬਰ 61B 49531 ਸੀ, ਜਦੋਂ ਕਿ 41B 49531 'ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਸੀ।
ਇਹ ਦੇਖ ਕੇ ਪਵਨ ਕੁਮਾਰ ਦੇ ਦਿਲ ਦੀ ਧੜਕਣ ਵਧ ਗਈ ਅਤੇ ਉਨ੍ਹਾਂ ਦਾ ਬੀਪੀ ਅਚਾਨਕ ਘਟ ਗਿਆ। ਉਨ੍ਹਾਂ ਦੀ ਵਿਗੜਦੀ ਤਬੀਅਤ ਦੇਖ ਕੇ ਲਾਟਰੀ ਵਿਕਰੇਤਾ ਬੌਬੀ ਨੇ ਤੁਰੰਤ ਉਨ੍ਹਾਂ ਨੂੰ ਲੂਣ ਮਿਲਾ ਕੇ ਨਿੰਬੂ ਪਾਣੀ ਪਿਲਾਇਆ ਅਤੇ ਏ.ਸੀ. ਦੀ ਹਵਾ ’ਚ ਬਿਠਾ ਕੇ ਹੌਸਲਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਇਆ।
ਲਾਟਰੀ ਵਿਕਰੇਤਾ ਬੌਬੀ ਨੇ ਪਵਨ ਕੁਮਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਕਿਸਮਤ ਇੱਕ ਕਰੋੜ ਦੇ ਨੇੜੇ ਆ ਕੇ ਖੁੰਝ ਗਈ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਲਾਟਰੀ ਟਿਕਟਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਪਵਨ ਕੁਮਾਰ ਨੂੰ ਇੱਕ ਅੰਕ ਨਾਲ ਇਨਾਮ ਖੁੰਝਣ ਦੇ ਬਾਵਜੂਦ 10 ਹਜ਼ਾਰ ਰੁਪਏ ਦਾ ਹੌਸਲਾ-ਅਫ਼ਜ਼ਾਈ (ਸਾਂਤਵਨਾ) ਇਨਾਮ ਵੀ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ 7 ਕਰੋੜ ਰੁਪਏ ਦੇ ਰਾਖੀ ਬੰਪਰ ਦੀ ਇੱਕ ਨਵੀਂ ਟਿਕਟ ਵੀ ਦਿੱਤੀ ਗਈ।
