ਪਰਿਵਾਰ ਨੇ ਪੁੱਤ ਦੀ ਜਾਨ ਬਚਾਉਣ ਲਈ ਵੇਚਣ ਲਈ ਲਗਾਇਆ ਘਰ
ਸਮਰਾਲਾ : ਸਮਰਾਲਾ ਦੇ ਨਾਲ ਲੱਗਦੇ ਪਿੰਡ ਮਾਣਕੀ ਦੇ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਹੈ ਅਤੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਰੋਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਿਆ ਸੀ।
ਪਰਿਵਾਰ ਮੁਤਾਬਕ ਸਾਊਦੀ ਅਰਬ ਵਿੱਚ ਨੌਜਵਾਨ ਦਾ ਇੱਕ ਹੋਰ ਨੌਜਵਾਨ ਨਾਲ ਝਗੜਾ ਹੋ ਗਿਆ ਸੀ । ਇਸ ਦੌਰਾਨ ਦੋ ਨੌਜਵਾਨਾਂ ਨਾਲ ਵਾਪਰੀ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ । ਇਸ ਮਾਮਲੇ ਤੋਂ ਬਾਅਦ ਸਾਊਦੀ ਅਰਬ ਦੀ ਪੁਲਿਸ ਅਤੇ ਅਦਾਲਤੀ ਕਾਰਵਾਈ ਉਪਰੰਤ ਮਾਣਕੀ ਵਾਸੀ ਸੁਖਚੈਨ ਸਿੰਘ ਸਮੇਤ ਦੋ ਨੌਜਵਾਨਾਂ ਨੂੰ ਸਿਰ ਕਲਮ ਕਰਨ ਦੀ ਸਜ਼ਾ ਸੁਣਾਏ ਜਾਣ ਦੀ ਗੱਲ ਪਰਿਵਾਰ ਵੱਲੋਂ ਦੱਸੀ ਗਈ ਹੈ । ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਆਸ ਨਾਲ ਵਿਦੇਸ਼ ਗਿਆ ਸੀ । ਨੌਜਵਾਨ ਦੇ ਪਿਤਾ ਵੀ ਲੰਬੇ ਸਮੇਂ ਤੋਂ ਡਰਾਈਵਰੀ ਦਾ ਕੰਮ ਕਰਦੇ ਰਹੇ ਹਨ, ਜਦਕਿ ਨੌਜਵਾਨ ਖੁਦ ਵੀ ਸਾਊਦੀ ਅਰਬ ਵਿੱਚ ਡਰਾਈਵਰੀ ਕਰਕੇ ਪਰਿਵਾਰ ਦਾ ਸਹਾਰਾ ਬਣਨਾ ਚਾਹੁੰਦਾ ਸੀ । ਹੁਣ ਪਰਿਵਾਰ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਆਪਣੇ ਪੁੱਤਰ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਆਪਣਾ ਘਰ ਵੀ ਵੇਚਣ ਲਈ ਲਗਾ ਦਿੱਤਾ ਗਿਆ ਹੈ । ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿਸ ਪੁੱਤਰ ਦੇ ਸਹਾਰੇ ਆਪਣਾ ਭਵਿੱਖ ਸੁਧਾਰਨ ਦੀ ਆਸ ਰੱਖੀ ਸੀ, ਅੱਜ ਉਸੇ ਪੁੱਤਰ ਦੀ ਜ਼ਿੰਦਗੀ ਬਚਾਉਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਇਸੇ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਅੱਜ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ। ਪਰਿਵਾਰ ਨੇ ਉਨ੍ਹਾਂ ਕੋਲ ਅਪੀਲ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਰਾਹੀਂ ਸਾਊਦੀ ਅਰਬ ਸਰਕਾਰ ਕੋਲ ਮਾਮਲਾ ਉਠਾ ਕੇ ਨੌਜਵਾਨ ਦੀ ਸਜ਼ਾ ’ਤੇ ਰੋਕ ਲਗਵਾਉਣ ਅਤੇ ਉਸ ਨੂੰ ਕਿਸੇ ਤਰੀਕੇ ਨਾਲ ਪੰਜਾਬ ਵਾਪਸ ਲਿਆਉਣ ਲਈ ਯਤਨ ਕੀਤੇ ਜਾਣ। ਪਰਿਵਾਰ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਸਾਊਦੀ ਅਰਬ ਸਰਕਾਰ ਨੌਜਵਾਨ ਨੂੰ ਡਿਪੋਰਟ ਕਰਕੇ ਭਾਰਤ ਭੇਜਣ ਲਈ ਤਿਆਰ ਹੁੰਦੀ ਹੈ ਤਾਂ ਉਹ ਆਪਣੇ ਇਕਲੌਤੇ ਪੁੱਤਰ ਨੂੰ ਵਾਪਸ ਆਪਣੇ ਕੋਲ ਦੇਖ ਸਕਣਗੇ।ਪਰਿਵਾਰ ਦੀ ਇੱਕੋ-ਇੱਕ ਗੁਹਾਰ ਹੈ ਕਿ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਜਾਨ ਬਚਾਈ ਜਾਵੇ ਅਤੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ।
