ਪੱਟੀ ਅਧੀਨ ਪੈਂਦੇ ਪਿੰਡ ਲੌਹਕਾ ਨਾਲ ਸੀ ਸਬੰਧਿਤ
ਪੱਟੀ (ਅਜੀਤ ਸਿੰਘ ਘਰਿਆਲਾ, ਪ੍ਰਦੀਪ ਕੁਮਾਰ ਮਹਿਤਾ) : ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲੌਹਕਾ ਦੀ ਰਹਿਣ ਵਾਲੀ ਨਗੀਤਾ ਦੀ ਅਰਮੀਨੀਆ ਵਿਚ ਬਿਮਾਰੀ ਕਾਰਨ ਮੌਤ ਹੋ ਗਈ। ਨਗੀਤਾ ਇਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਵਾਸਤੇ ਅਰਮੀਨੀਆ ਗਈ ਸੀ।
ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਨਗੀਤਾ ਨੇ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਦੇ ਮਾੜੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਕਰੀਬ ਸਾਢੇ ਚਾਰ ਲੱਖ ਰੁਪਏ ਖ਼ਰਚ ਕਰ ਕੇ ਵਿਦੇਸ਼ ਦਾ ਰੁਖ ਕੀਤਾ ਸੀ। ਕੁਝ ਦਿਨ ਪਹਿਲਾਂ ਉਸ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
