ਅੱਗੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਟਕਰਾਇਆ ਟਰੱਕ
ਸਾਊਦੀ ਅਰਬ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ (40) ਵਜੋਂ ਹੋਈ ਹੈ। ਮ੍ਰਿਤਕ ਮਾਲੇਰਕੋਟਲਾ ਦੇ ਪਿੰਡ ਬਨਭੌਰਾ ਨਾਲ ਸਬੰਧਿਤ ਸੀ।
ਮ੍ਰਿਤਕ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ 14 ਸਾਲਾਂ ਤੋਂ ਸਾਊਦੀ ਅਰਬ ‘ਚ ਟਰੱਕ ਡਰਾਈਵਰ ਸੀ ਅਤੇ ਪਿਛਲੇ ਸਾਲ ਉਸ ਨੇ ਵੱਡੇ ਬੇਟੇ ਅਨਮੋਲਦੀਪ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੀ।
ਮ੍ਰਿਤਕ ਦੇ ਛੋਟੇ ਪੁੱਤਰ ਮਨਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਰਿਆਧ ਸ਼ਹਿਰ ਤੋਂ ਟਰਾਲੇ ‘ਚ ਮਾਲ ਭਰ ਕੇ ਜਾ ਰਿਹਾ ਸੀ ਕਿ ਅੱਗੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਤੋਂ ਕੁਝ ਸਮੇਂ ਬਾਅਦ ਰਾਤ 2 ਵਜੇ ਉੱਥੇ ਰਹਿੰਦੇ ਵੱਡੇ ਭਰਾ ਨੇ ਫੋਨ ’ਤੇ ਦੱਸਿਆ ਕਿ ਪਿਤਾ ਨਾਲ ਹਾਦਸਾ ਹੋ ਗਿਆ ਹੈ। ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਹਰਜੀਤ ਸਿੰਘ ਦੀ ਦੇਹ ਦੇਸ਼ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
