ਸੰਗਤਾਂ ਦੀ ਸਹੂਲਤ ਲਈ ਮਾਸਟਰ ਪਲਾਨ ਤਹਿਤ ਬਣਾਇਆ ਜਾਵੇਗਾ ਖੂਬਸੂਰਤ ਪੈਸੇਜ: ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਅਤੇ ਗੁਰੂ ਘਰ ਦੇ ਪਰਿਸਰ ਨੂੰ ਹੋਰ ਖੂਬਸੂਰਤ ਬਣਾਉਣ ਲਈ ਅੱਜ ਇੱਕ ਅਹਿਮ ਪ੍ਰੋਜੈਕਟ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਤੋਂ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਵੱਖ-ਵੱਖ ਸਰਾਵਾਂ (ਗੁਰੂ ਹਰਗੋਬਿੰਦ ਸਾਹਿਬ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਗੁਰੂ ਅਰਜਨ ਦੇਵ ਨਿਵਾਸ ਅਤੇ ਸ੍ਰੀ ਗੁਰੂ ਰਾਮਦਾਸ ਨਿਵਾਸ) ਨੂੰ ਜੋੜਨ ਵਾਲੇ ਰਸਤੇ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦਾ ਕਾਰਜ ਅਰਦਾਸ ਉਪਰੰਤ ਆਰੰਭ ਹੋ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ। ਉਨ੍ਹਾਂ ਕਿਹਾ ਕਿ ਮਾਸਟਰ ਪਲਾਨ ਅਨੁਸਾਰ ਇਸ ਰਸਤੇ ਨੂੰ ਬਹੁਤ ਹੀ ਆਧੁਨਿਕ ਅਤੇ ਖੂਬਸੂਰਤ ਢੰਗ ਨਾਲ ਤਿਆਰ ਕੀਤਾ ਜਾਵੇਗਾ। ਰਸਤੇ ਦੇ ਦੋਵਾਂ ਪਾਸਿਆਂ 'ਤੇ ਪੈਦਲ ਚੱਲਣ ਵਾਲਿਆਂ ਲਈ ਵੱਖਰਾ ਪੈਸੇਜ ਹੋਵੇਗਾ, ਜਦਕਿ ਵਿਚਕਾਰਲੇ ਹਿੱਸੇ ਵਿੱਚ ਦਰਖਤ ਲਗਾਏ ਜਾਣਗੇ ਅਤੇ ਛੋਟੇ ਵਾਹਨਾਂ ਦੀ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਹਿੱਸਾ ਬਾਹਰੀ ਗਲਿਆਰੇ ਨਾਲੋਂ ਵੀ ਵੱਧ ਖੂਬਸੂਰਤ ਦਿਖਾਈ ਦੇਵੇਗਾ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਪਵਿੱਤਰ ਨਗਰੀ ਵਿੱਚ ਪੈਰ ਰੱਖਦਿਆਂ ਹੀ ਅਧਿਆਤਮਿਕ ਸਕੂਨ ਮਹਿਸੂਸ ਹੋਵੇ।
ਕਾਰ ਸੇਵਾ ਦੀ ਜ਼ਿੰਮੇਵਾਰੀ ਨਿਭਾ ਰਹੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੇ ਕਿਹਾ ਕਿ ਇਹ ਰਸਤਾ ਮੁੱਖ ਤੌਰ 'ਤੇ ਸਰਾਵਾਂ ਅਤੇ ਲੰਗਰ ਹਾਲ ਨੂੰ ਜੋੜਦਾ ਹੈ, ਜਿੱਥੇ ਸੰਗਤਾਂ ਦੀ ਹਮੇਸ਼ਾ ਭਾਰੀ ਆਮਦ ਰਹਿੰਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸੇਵਾ ਨੂੰ ਬਹੁਤ ਹੀ ਜਲਦ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕਰਕੇ ਸੰਗਤਾਂ ਦੇ ਅਰਪਣ ਕਰ ਦਿੱਤਾ ਜਾਵੇਗਾ।
ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਮਹਾਂਪੁਰਸ਼ਾਂ ਨੇ ਸਾਂਝੇ ਤੌਰ 'ਤੇ ਸੇਵਾ ਦੀ ਸ਼ੁਰੂਆਤ ਕੀਤੀ। ਪ੍ਰਧਾਨ ਧਾਮੀ ਨੇ ਸਮੁੱਚੀ ਸੰਗਤ ਨੂੰ ਇਸ ਕਾਰਜ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਮੈਂਬਰ, ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
