ਸਾਥੀ ਅਧਿਕਾਰੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ, ਨਵਾਂ ਨੰਗਲ ਦੇ ਤਰੁਣ ਬਾਲੀ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪਿਛਲੇ ਕਰੀਬ ਢਾਈ ਸਾਲਾਂ ਤੋਂ ਪੁਲਿਸ ਸੇਵਾ ਨਿਭਾ ਰਹੇ ਸਨ
ਨਵਾਂ ਨੰਗਲ: ਨਵਾਂ ਨੰਗਲ ਦੇ ਸ਼ਿਵਾਲਿਕ ਐਵੇਨਿਊ (ਇਸ ਵਕਤ ਸਾਰਾ ਪਰਿਵਾਰ ਕਨੇਡਾ ਵਿੱਚ ਹੀ ਸ਼ਿਫਟ ਹੋ ਚੁੱਕਾ ਹੈ) ਦੇ ਵਸਨੀਕ ਅਸ਼ੋਕ ਬਾਲੀ ਦੇ ਪੁੱਤਰ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਡਿਊਟੀ ਦੌਰਾਨ ਦੇਹਾਂਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਨਵਾਂ ਨੰਗਲ ਅਤੇ ਸ਼ਿਵਾਲਿਕ ਐਵੇਨਿਊ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਦਸੇ ਦੌਰਾਨ ਉਨ੍ਹਾਂ ਦਾ ਇੱਕ ਹੋਰ ਸਾਥੀ ਅਧਿਕਾਰੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਜਾਣਕਾਰੀ ਅਨੁਸਾਰ, ਕਾਂਸਟੇਬਲ ਤਰੁਣ ਬਾਲੀ (ਓਪੀਪੀ) ਦੇ ਡਫਰਿਨ ਡਿਟੈਚਮੈਂਟ ਵਿੱਚ ਤਾਇਨਾਤ ਸਨ ਅਤੇ ਪਿਛਲੇ ਕਰੀਬ ਢਾਈ ਸਾਲਾਂ ਤੋਂ ਪੁਲਿਸ ਸੇਵਾ ਨਿਭਾ ਰਹੇ ਸਨ। ਇਨ੍ਹਾਂ ਦਿਨਾਂ ਉਹ ਜੇਮਜ਼ ਬੇ ਡਿਟੈਚਮੈਂਟ ਨਾਲ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਸਨ। ਤਰੁਣ ਬਾਲੀ ਦੇ ਪਿਤਾ ਅਸ਼ੋਕ ਬਾਲੀ ਆਪਣੇ ਪਰਿਵਾਰ ਸਮੇਤ ਕਈ ਸਾਲ ਪਹਿਲਾਂ ਨੰਗਲ ਛੱਡ ਕੇ ਟੋਰਾਂਟੋ ਵੱਸ ਗਏ ਸਨ। ਤਰੁਣ ਬਾਲੀ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਲੜਕੀ ਕੋਮਲ ਨਾਲ ਹੋਇਆ ਸੀ।
ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਓਨਟਾਰੀਓ ਦੇ ਹਰਸਟ ਖੇਤਰ ਵਿੱਚ ਕੇਂਡਲ ਕਨਸੈਸ਼ਨ ਰੋਡ-7 ਅਤੇ ਕਨਸੈਸ਼ਨ ਰੋਡ-6 ਦੇ ਨੇੜੇ ਪੁਲਿਸ ਟੀਮ ਇੱਕ ਜਾਂਚ ਵਿੱਚ ਰੁੱਝੀ ਹੋਈ ਸੀ। ਇਸ ਦੌਰਾਨ ਵਾਪਰੀ ਘਟਨਾ ਵਿੱਚ ਕਾਂਸਟੇਬਲ ਤਰੁਣ ਬਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਇਸ ਮਾਮਲੇ ਵਿੱਚ 18 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਪਤਾਲ ਤੋਂ ਫਰਾਰ ਹੋਏ ਇੱਕ 18 ਸਾਲਾ ਸ਼ੱਕੀ ਨੇ ਕਥਿਤ ਤੌਰ ’ਤੇ ਵਾਹਨ ਨਾਲ ਟੱਕਰ ਮਾਰ ਕੇ ਕਾਂਸਟੇਬਲ ਬਾਲੀ ਨੂੰ ਗੰਭੀਰ ਜ਼ਖ਼ਮੀ ਕੀਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਪਹਿਲੀ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਦੀ ਜਾਂਚ ਓਪੀਪੀ ਦੀ ਕ੍ਰਿਮਿਨਲ ਇਨਵੈਸਟੀਗੇਸ਼ਨ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਚੀਫ਼ ਕੋਰੋਨਰ ਦਫ਼ਤਰ ਅਤੇ ਓਨਟਾਰੀਓ ਫੋਰੈਂਸਿਕ ਪੈਥੋਲੋਜੀ ਸਰਵਿਸ ਵੀ ਸਹਿਯੋਗ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਕਾਂਸਟੇਬਲ ਤਰੁਣ ਬਾਲੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਅਤੇ ਹੋਰ ਕਾਰਵਾਈ ਲਈ ਟੋਰਾਂਟੋ ਸਥਿਤ ਚੀਫ਼ ਕੋਰੋਨਰ ਦੇ ਦਫ਼ਤਰ ਲਿਜਾਇਆ ਜਾਵੇਗਾ। ਉਨ੍ਹਾਂ ਦੇ ਸਨਮਾਨ ਵਿੱਚ ਐਮਰਜੈਂਸੀ ਵਾਹਨਾਂ ਦਾ ਇੱਕ ਵਿਸ਼ੇਸ਼ ਕਾਫ਼ਲਾ ਕਰੀਬ 10 ਘੰਟਿਆਂ ਦੀ ਯਾਤਰਾ ਦੌਰਾਨ ਪਾਰਥਿਵ ਦੇਹ ਦੇ ਨਾਲ ਰਹੇਗਾ।
