ਕਿਹਾ : ਇੱਕ ਪਾਰਟੀ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਪਾਰਟੀ 'ਚ ਜਾਣਾ ਕਈ ਸਿਆਸਤਦਾਨਾਂ ਦਾ ਸੁਭਾਅ ਬਣ ਚੁੱਕਿਆ ਹੈ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ’ਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇੱਕ ਪਾਰਟੀ ਤੋਂ ਦੂਜੀ ਅਤੇ ਦੂਜੀ ਤੋਂ ਤੀਜੀ ਪਾਰਟੀ ਵਿੱਚ ਜਾਣਾ ਅੱਜ ਕਈ ਸਿਆਸਤਦਾਨਾਂ ਦਾ ਸੁਭਾਅ ਬਣ ਚੁੱਕਿਆ ਹੈ। ਮਨਪ੍ਰੀਤ ਸਿੰਘ ਇਯਾਲੀ ਵੀ ਹੁਣ ਇਸੇ ਰੁਝਾਨ ਦਾ ਹਿੱਸਾ ਬਣ ਗਏ ਹਨ।
ਹਕੀਕਤ ਇਹ ਹੈ ਕਿ ਪਾਰਟੀ ਅੰਦਰ ਅਹਿਮ ਜ਼ਿੰਮੇਵਾਰੀਆਂ ਮਿਲਣ ਦੇ ਬਾਵਜੂਦ ਮਨਪ੍ਰੀਤ ਸਿੰਘ ਇਯਾਲੀ ਨੇ ਲੰਬੇ ਸਮੇਂ ਤੱਕ ਪਾਰਟੀ ਦੀਆਂ ਮੀਟਿੰਗਾਂ ਤੋਂ ਦੂਰੀ ਬਣਾਈ ਰੱਖੀ। ਬਤੌਰ ਲੁਧਿਆਣਾ ਜ਼ਿਲ੍ਹਾ ਇੰਚਾਰਜ ਉਹ ਜੱਥੇਬੰਦਕ ਢਾਂਚਾ ਖੜ੍ਹਾ ਕਰਨ ਤੋਂ ਭੱਜਦੇ ਰਹੇ ਅਤੇ ਬਤੌਰ ਆਬਜ਼ਰਵਰ ਹੋਰ ਜ਼ਿਲ੍ਹਿਆਂ ਵਿੱਚ ਵੀ ਜੱਥੇਬੰਦੀ ਨੂੰ ਮਜ਼ਬੂਤ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।
ਸਿਆਸਤ ਵਿੱਚ ਕਿਸੇ ਨੂੰ ਆਲੋਚਨਾ ਕਰਨ ਦਾ ਪੂਰਾ ਹੱਕ ਹੈ, ਪਰ ਉਸ ਆਲੋਚਨਾ ਦੀ ਭਰੋਸੇਯੋਗਤਾ ਉਦੋਂ ਹੀ ਬਣਦੀ ਹੈ ਜਦੋਂ ਵਿਅਕਤੀ ਆਪਣੇ ਸਿਆਸੀ ਸਫ਼ਰ, ਆਪਣੀਆਂ ਜ਼ਿੰਮੇਵਾਰੀਆਂ ਅਤੇ ਆਪਣੀ ਭੂਮਿਕਾ ਬਾਰੇ ਵੀ ਉਨੀ ਹੀ ਇਮਾਨਦਾਰੀ ਨਾਲ ਗੱਲ ਕਰੇ, ਜਿੰਨੀ ਉਹ ਦੂਸਰਿਆਂ ਤੋਂ ਉਮੀਦ ਰੱਖਦਾ ਹੈ। ਜਿਹੜਾ ਪੈਮਾਨਾ ਦੂਸਰਿਆਂ ਲਈ ਰੱਖਿਆ ਜਾਂਦਾ ਹੈ, ਉਹੀ ਆਪਣੇ ਉੱਤੇ ਵੀ ਲਾਗੂ ਹੋਣਾ ਚਾਹੀਦਾ ਹੈ।
