ਆਲ ਇੰਡਿਆ ਵਿਚ 35ਵਾਂ ਰੈਂਕ ਕੀਤਾ ਹਾਸਲ
ਦਸੂਹਾ/ਹੁਸ਼ਿਆਰਪੁਰ (ਹਰਪਾਲ ਸਿੰਘ): ਸਥਾਨਕ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਤੋਂ ਮੁਢਲੀ ਸਿਖਿਆ ਹਾਸਲ ਹੋਣਹਾਰ ਬੇਟੀ ਗੁਰਸਲੀਨ ਕੌਰ ਭਾਰਤੀ ਏਅਰ ਫ਼ੋਰਸ ’ਚ ਕਮਿਸ਼ਨਡ ਅਧਿਕਾਰੀ ਬਣ ਕੇ ਅਸਮਾਨ ’ਚ ਉਡਾਣ ਭਰਨ ਲਈ ਤਿਆਰ ਹੈ। ਬੀਬੀਐਮਬੀ ’ਚ ਬਤੌਰ ਐਸਡੀਓ ਪਿਤਾ ਧਰਮਿੰਦਰ ਸਿੰਘ ਵੜੈਚ ਨੇ ਦਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਐਸੀ.ਸੀ. ਫ਼ਿਜ਼ੀਕਸ (ਆਨਰਜ਼) ਅਤੇ ਐਮਏ ਇੰਗਲਿਸ਼ ਪਾਸ ਗੁਰਸਲੀਨ ਕੌਰ ਨੇ ਬੇਹੱਦ ਸਖ਼ਤ ਮਕਾਬਲੇ ’ਚ ਏਅਰ ਫ਼ੋਰਸ ਕਮਿਸ਼ਨਡ ਅਫ਼ਸਰ ਦੀ ਪ੍ਰੀਖਿਆ ਪਾਸ ਕੀਤੀ ਹੈ।
ਗੁਰਸਲੀਨ ਕੌਰ ਦੀ ਕਾਮਯਾਬੀ ਨੇ ਸਿੱਧ ਕਰ ਦਿਤਾ ਹੈ ਕਿ ਜੇਕਰ ਇਰਾਦੇ ਪੱਕੇ ਹੋਣ ਤਾਂ ਅਸਮਾਨ ਵੀ ਛੋਟਾ ਪੈ ਜਾਂਦਾ ਹੈ। ਉਨ੍ਹਾਂ ਦਸਿਆ ਕਿ ਉਹ ਤਿੰਨ ਵਾਰ ਸਰਵਿਸ ਸਿਲੈਕਸ਼ਨ ਬੋਰਡ ਅਤੇ ਏਅਰ ਫ਼ੋਰਸ ਸਿਲੈਕਸ਼ਨ ਬੋਰਡ ਲਈ ਚੁਣੀ ਜਾ ਚੁੱਕੀ ਹੈ। ਲੰਘੇ ਸਾਲ ਅਗੱਸਤ ਮਹੀਨੇ ਹੋਈ ਲਿਖਤੀ ਪ੍ਰੀਖਿਆ ’ਚ ਬਾਜ਼ੀ ਮਾਰ ਕੇ ਉਸ ਨੇ ਅਪਣੇ ਸਾਲਾਂ ਦੇ ਸੁਪਨੇ ਨੂੰ ਹਕੀਕਤ ’ਚ ਬਦਲ ਦਿਤਾ ਹੈ।
ਏਅਰ ਫ਼ੋਰਸ ’ਚ ਅਫ਼ਸਰ ਲਈ ਟੈਕਨੀਕਲ ਗਿਆਨ ਦੇ ਨਾਲ-ਨਾਲ ਸੰਚਾਰ ਕਲਾ ਵੀ ਜ਼ਰੂਰੀ ਹੈ, ਗੁਰਸਲੀਨ ਕੌਰ ਨੂੰ ਦੋਹਾਂ ’ਚ ਮੁਹਾਰਤ ਹਾਸਲ ਹੈ। ਉਨ੍ਹਾਂ ਦਸਿਆ ਕਿ ਆਲ ਇੰਡਿਆ ਪੱਧਰ ’ਤੇ ਲੜਕੀਆਂ ਲਈ 24 ਸੀਟਾਂ ਹਨ, ਐਤਕੀ ਪੰਜਾਬ ’ਚੋਂ ਸਿਰਫ਼ ਦੋ ਕੁੜੀਆਂ ਦੀ ਚੋਣ ਹੋਈ ਹੈ ਅਤੇ ਦੂਜਾ ਤਲਵਾੜਾ ਦੀ ਧੀ ਗੁਰਸਲੀਨ ਨੇ ਹਾਸਲ ਕੀਤਾ ਹੈ। ਉਸ ਨੇ ਆਲ ਇੰਡਿਆ ਪੱਧਰ ’ਤੇ 35ਵਾਂ ਰੈਂਕ ਹਾਸਲ ਕੀਤਾ ਹੈ।
ਜੋ ਕਿ ਪੰਜਾਬ ਦੀਆਂ ਹਜ਼ਾਰਾਂ ਬੇਟੀਆਂ ਲਈ ਪ੍ਰੇਰਣਾ ਸਰੋਤ ਹੈ। ਇੰਜਨੀਅਰ ਪਿਤਾ ਧਰਮਿੰਦਰ ਸਿੰਘ ਅਤੇ ਮਾਤਾ ਜਸਪਾਲ ਕੌਰ, ਲੈਕਚਰਾਰ ਅਰਥਸ਼ਾਸਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਵਲੋਂ ਅਪਣੀ ਧੀ ਨੂੰ ਸੰਸਕਾਰ, ਅਨੁਸ਼ਾਸਨ ਅਤੇ ਮਿਹਨਤ ਦੀ ਦਿਤੀ ਗੁੜ੍ਹਤੀ ਰੰਗ ਲਿਆਈ ਹੈ।
