ਮਣੀਪੁਰ ਵਿਚ ਅੱਤਵਾਦੀਆਂ ਨਾਲ ਲਿਆ ਸੀ ਲੋਹਾ
ਮੁਹਾਲੀ (ਧੜਾਕ): ਮੁਹਾਲੀ ਦੇ ਸੈਕਟਰ-79 ਦੇ ਰਹਿਣ ਵਾਲੇ ਭਾਰਤੀ ਸੈਨਾ ਦੇ ਜਾਂਬਾਜ਼ ਅਫ਼ਸਰ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਪੂਰੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਆਯੋਜਤ ‘ਡਿਫ਼ੈਂਸ ਇਨਵੈਸਟੀਚਰ ਸੈਰੇਮਨੀ’ (ਰਖਿਆ ਅਲੰਕਾਰ ਸਮਾਰੋਹ) ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵਲੋਂ ਉਨ੍ਹਾਂ ਨੂੰ ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ ‘ਕੀਰਤੀ ਚੱਕਰ’ ਨਾਲ ਸਨਮਾਨਤ ਕੀਤਾ ਗਿਆ।
ਮੇਜਰ ਅਰਸ਼ਦੀਪ ਸਿੰਘ ਨੇ ਮਣੀਪੁਰ ਵਿਚ ਅਤਿਵਾਦੀਆਂ ਵਿਰੁਧ ਚਲੇ ਇਕ ਬੇਹੱਦ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਆਪ੍ਰੇਸ਼ਨ ਵਿਚ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ। ਮਣੀਪੁਰ ’ਚ ਅਤਿਵਾਦ ਵਿਰੁਧ ਚਲਾਇਆ ਗਿਆ ਇਹ ਕਾਊਂਟਰ-ਇੰਸਰਜੈਂਸੀ ਆਪ੍ਰੇਸ਼ਨ ਲਗਭਗ 84 ਘੰਟੇ (ਸਾਢੇ ਤਿੰਨ ਦਿਨ) ਤਕ ਚਲਿਆ ਸੀ।
ਬੇਹੱਦ ਖ਼ਤਰਨਾਕ ਅਤੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਮੇਜਰ ਅਰਸ਼ਦੀਪ ਸਿੰਘ ਨੇ ਅੱਗੇ ਹੋ ਕੇ ਅਪਣੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਅਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਤਕ ਪਹੁੰਚਾਇਆ। ਦਸਣਯੋਗ ਹੈ ਕਿ ਮੇਜਰ ਗਿੱਲ ਮੂਲ ਰੂਪ ਵਿਚ ‘ਦ ਆਰਮਡ ਕਾਰਪਸ’ ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿਚ ਉਹ ‘1 ਅਸਾਮ ਰਾਈਫ਼ਲਜ਼’ ਦੇ ਨਾਲ ਤਾਇਨਾਤ ਹਨ। ਫ਼ੌਜ ਦੇ ਸੂਤਰਾਂ ਅਨੁਸਾਰ, ਮੇਜਰ ਗਿੱਲ ਨੇ ਬੇਹੱਦ ਖ਼ਤਰਨਾਕ ਹਾਲਾਤ ’ਚ ਵੀ ਅਦੁੱਤੀ ਪੇਸ਼ੇਵਰ ਹੁਨਰ ਤੇ ਬਹਾਦਰੀ ਦਿਖਾਈ। ਉਨ੍ਹਾਂ ਦੀ ਇਸ ਬਹਾਦਰੀ ਸਦਕਾ ਨਾ ਸਿਰਫ਼ ਮੁਹਾਲੀ ਬਲਕਿ ਪੂਰੇ ਪੰਜਾਬ ਅਤੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
