ਈਡੀ ਅਧਿਕਾਰੀਆਂ ਵੱਲੋਂ ਰਮਨ ਅਰੋੜਾ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਕੀਤਾ ਗਿਆ ਸੀ ਜਾਰੀ
ਜਲੰਧਰ: ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਪੂਰਵ ਵਿਧਾਇਕ ਕਿੱਕੀ ਢਿੱਲੋਂ ਤੋਂ ਬਾਅਦ ਹੁਣ ਆਪ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਈਡੀ (ED) ਦਫ਼ਤਰ ਪਹੁੰਚੇ ਹਨ। ਵਿਧਾਇਕ ਰਮਨ ਅਰੋੜਾ ਨੇ ਈਡੀ ਦਫ਼ਤਰ ਜਾਣ ਤੋਂ ਪਹਿਲਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਈਡੀ ਅਧਿਕਾਰੀਆਂ ਵੱਲੋਂ ਰਮਨ ਅਰੋੜਾ ਨੂੰ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਦੱਸ ਦੇਈਏ ਕਿ ਈਡੀ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ ਨੋਟਿਸ ਜਾਰੀ ਹੋਣ ਦੇ ਚਲਦਿਆਂ 2 ਜੂਨ ਨੂੰ ਰਮਨ ਅਰੋੜਾ ਈਡੀ ਦਫ਼ਤਰ ਵਿੱਚ ਦਸਤਾਵੇਜ਼ ਲੈ ਕੇ ਪਹੁੰਚੇ ਸਨ ਅਤੇ ਉਸ ਦਿਨ ਵਿਧਾਇਕ ਰਮਨ ਅਰੋੜਾ ਕੋਲੋਂ ਈਡੀ ਨੇ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਸੀ। ਈਡੀ ਦਫ਼ਤਰ ਤੋਂ ਬਾਹਰ ਆਉਣ 'ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਈਡੀ ਨੇ ਪੁੱਛਗਿੱਛ ਕੀਤੀ ਹੈ, ਤਾਂ ਉਨ੍ਹਾਂ ਨੇ ਕੈਮਰੇ ਅੱਗੇ ਬੋਲਣ ਤੋਂ ਪਰਹੇਜ਼ ਕੀਤਾ ਸੀ।
ਵਿਜੀਲੈਂਸ ਵੱਲੋਂ ਦਰਜ ਭ੍ਰਿਸ਼ਟਾਚਾਰ ਕੇਸ ਵਿੱਚ ਜ਼ਮਾਨਤ 'ਤੇ ਚੱਲ ਰਹੇ ਵਿਧਾਇਕ ਰਮਨ ਅਰੋੜਾ ਨੂੰ ਹੁਣ ਈਡੀ ਨੇ ਨੋਟਿਸ ਭੇਜਿਆ ਸੀ। ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਦਰਜ ਕੀਤੀ ਗਈ ਐੱਫਆਈਆਰ (FIR) ਨੂੰ ਅਧਾਰ ਬਣਾ ਕੇ ਈਡੀ ਨੇ ਭ੍ਰਿਸ਼ਟਾਚਾਰ ਕੇਸ ਵਿੱਚ ਜਾਂਚ ਸ਼ੁਰੂ ਕੀਤੀ ਸੀ ਅਤੇ ਕੁਝ ਦਸਤਾਵੇਜ਼ ਮੰਗੇ ਸਨ। ਇਸੇ ਦੇ ਚਲਦਿਆਂ ਵਿਧਾਇਕ ਰਮਨ ਅਰੋੜਾ ਈਡੀ ਦਫ਼ਤਰ ਪਹੁੰਚੇ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਕਾਗਜ਼ਾਤ ਦੀ ਇੱਕ ਫਾਈਲ ਸੀ।
