ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ ਕੀਤਾ ਜਾਰੀ
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਬਦਲ ਗਿਆ ਹੈ। ਅੱਜ ਮੁਹਾਲੀ ਸਮੇਤ ਸਵੇਰੇ ਕਈ ਥਾਈਂ ਕਾਲੇ ਬੱਦਲ ਛਾ ਗਏ ਤੇ ਠੰਢੀਆਂ ਹਵਾਵਾਂ ਨਾਲ ਮੀਂਹ ਪਿਆ। ਮੌਸਮ ਵਿਭਾਗ ਨੇ 14 ਜੂਨ ਤੱਕ ਕੁਝ ਇਲਾਕਿਆਂ ਵਿੱਚ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਅੱਜ ਟ੍ਰਾਈਸਿਟੀ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ - ਲਈ ਅਗਲੇ ਤਿੰਨ ਘੰਟਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੋਹਾਲੀ ਵਿੱਚ ਤਾਂ ਅੱਜ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਮਾਮੂਲੀ ਬਦਲਾਅ ਆਇਆ। ਹਾਲਾਂਕਿ, ਇਹ ਆਮ ਨਾਲੋਂ 4.4 ਡਿਗਰੀ ਵੱਧ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 46.2 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਜਿੱਥੇ ਪੂਰੇ ਸੂਬੇ ਵਿੱਚ ਹਵਾਵਾਂ ਅਤੇ ਬਿਜਲੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਉੱਥੇ ਦਸ ਜ਼ਿਲ੍ਹਿਆਂ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।
ਮੰਗਲਵਾਰ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਦੌਰਾਨ ਮਾਨਸਾ ਦੇ ਲੱਲੂਆਣਾ ਰੋਡ 'ਤੇ ਇੱਕ 9 ਸਾਲਾ ਬੱਚੇ ਦੀ ਲੋਹੇ ਦਾ ਗੇਟ ਡਿੱਗਣ ਨਾਲ ਮੌਤ ਹੋ ਗਈ। ਲੜਕੇ ਦੀ ਪਛਾਣ ਦਿਲਸ਼ਾਨ ਇੰਸਾਨ ਵਜੋਂ ਹੋਈ ਹੈ। ਦਿਲਸ਼ਾਨ ਆਪਣੇ ਦਾਦੇ ਨਾਲ ਦੁੱਧ ਲੈਣ ਜਾ ਰਿਹਾ ਸੀ ਕਿ ਅਚਾਨਕ ਤੇਜ਼ ਤੂਫ਼ਾਨ ਆ ਗਿਆ।
