ਕੌਂਸਲਰਾਂ ਅਤੇ ਪਤਵੰਤਿਆਂ ਨੇ ਨਗਰ ਕੌਂਸਲ ਵਿਖੇ ਕੀਤੀ ਇਕੱਤਰਤਾ, ਅਵਾਰਾ ਕੁੱਤਿਆਂ ਦੀ ਰੋਕਥਾਮ ਲਈ ਐਸਡੀਐਮ ਮੋਰਿੰਡਾ ਚੇਤਨ ਬੰਗੜ ਨੂੰ ਸੌਂਪਿਆ ਮੰਗ ਪੱਤਰ
ਮੋਰਿੰਡਾ: ਸ਼ਹਿਰ ਵਿੱਚ ਖੂੰਖਾਰ ਕੁੱਤਿਆਂ ਵੱਲੋਂ ਇੱਕ ਬੱਚੀ ਨੂੰ ਨੋਚ-ਨੋਚ ਕੇ ਖਾਣ ਨਾਲ ਬੱਚੇ ਦੀ ਮੌਤ ਹੋ ਜਾਣ ’ਤੇ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਿਸ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਸਮੂਹ ਸ਼ਹਿਰ ਵਾਸੀਆਂ ਕੌਂਸਲਰਾਂ ਅਤੇ ਪਤਵੰਤਿਆਂ ਵੱਲੋਂ ਨਗਰ ਕੌਂਸਲ ਮੋਰਿੰਡਾ ਵਿਖੇ ਇੱਕ ਇਕੱਤਰਤਾ ਕੀਤੀ ਗਈ ਅਤੇ ਕੁੱਤਿਆਂ ਦੀ ਰੋਕਥਾਮ ਲਈ ਐਸਡੀਐਮ ਮੋਰਿੰਡਾ ਚੇਤਨ ਬੰਗੜ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਐਸਡੀਐਮ ਕੋਲ ਪਹੁੰਚੇ ਸਮੂਹ ਕੌਂਸਲਰਾਂ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੇ ਚਿੰਤਾ ਪ੍ਰਗਟ ਕੀਤੀ ਕਿ ਖੂੰਖਾਰ ਕੁੱਤਿਆਂ ਤੋਂ ਬੱਚਿਆਂ ਲਈ ਹਰ ਸਮੇਂ ਖਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜਿਨਾਂ ਕੁੱਤਿਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ, ਉਹ ਹੋਰ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਪਹਿਲ ਦੇ ਆਧਾਰ ਤੇ ਇਹਨਾਂ ਕੁੱਤਿਆਂ ਨੂੰ ਕਾਬੂ ਕਰਕੇ ਬਾਹਰ ਕਿਸੇ ਸ਼ੈਲਟਰ ਵਿੱਚ ਭੇਜਿਆ ਜਾਵੇ। ਉਧਰ ਇਸ ਸਬੰਧ ਵਿੱਚ ਐਸਡੀਐਮ ਚੇਤਨ ਬੰਗੜ ਨੇ ਕਿਹਾ ਕਿ ਇਸ ਸਬੰਧ ਵਿੱਚ ਕਾਰਜ ਸਾਧਕ ਅਫਸਰ ਮੋਰਿੰਡਾ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਸ ਸਮੱਸਿਆ ਦਾ ਫੌਰੀ ਤੌਰ ’ਤੇ ਹੱਲ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਸ਼ੈਲਟਰ ਬਣਾਉਣ ਲਈ ਬਣਦੀ ਕਾਰਵਾਈ ਕੀਤੀ ਜਾਵੇ।
