ਪੀੜਤ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ
ਜਲੰਧਰ: ਜਲੰਧਰ ਦੇ ਪਿੰਡ ਢੱਡਾ ਵਿੱਚ ਬੱਚੇ ਦੀ ਜਨਮਦਿਨ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ, ਜਦੋਂ ਕਿ ਇੱਕ ਬੱਚਾ ਅਤੇ ਫੋਟੋਗ੍ਰਾਫਰ ਜ਼ਖ਼ਮੀ ਹੋ ਗਏ। ਮ੍ਰਿਤਕਾ ਦੀ ਪਛਾਣ 42 ਸਾਲਾ ਅਮਨਦੀਪ ਕੌਰ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਾਰਟੀ ਵਿੱਚ ਭਾਜੜ ਮੱਚ ਗਈ। ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਥਾਣਾ ਪਤਾਰਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਢੱਡਾ ਦੇ ਰਹਿਣ ਵਾਲੇ ਮੋਤਾ ਸਿੰਘ ਦੀ ਧੀ ਜਰਮਨੀ ਵਿੱਚ ਰਹਿੰਦੀ ਹੈ। ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ਸੀ ਅਤੇ ਉਹ ਵਿਦੇਸ਼ ਤੋਂ ਪਿੰਡ ਢੱਡਾ ਵਿੱਚ ਬੱਚੇ ਨਾਲ ਪਰਤੀ ਸੀ। ਮੋਤਾ ਸਿੰਘ ਨੇ ਬੱਚੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਾਰਟੀ ਪਿੰਡ ਢੱਡਾ ਵਿੱਚ ਰੱਖੀ ਸੀ। ਪਾਰਟੀ ਵਿੱਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ ਸੀ ਅਤੇ ਮੋਤਾ ਸਿੰਘ ਦੇ ਜਵਾਈ ਦਾ ਮਾਮਾ ਵੀ ਪਾਰਟੀ ਵਿੱਚ ਆਇਆ ਹੋਇਆ ਸੀ। ਦੋਸ਼ ਹੈ ਕਿ ਪਾਰਟੀ ਦੌਰਾਨ ਡਾਂਸ ਕਰਦੇ ਹੋਏ ਉਸ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਉੱਥੇ ਮੌਜੂਦ ਉਸ ਦੇ ਸਾਲੇ ਦੀ ਨੂੰਹ ਅਮਨਦੀਪ ਕੌਰ, ਕੋਲ ਖੜ੍ਹੇ ਫੋਟੋਗ੍ਰਾਫਰ ਅਤੇ ਬੱਚੇ ਨੂੰ ਲੱਗੀ।
ਗੋਲੀ ਲੱਗਣ ਨਾਲ ਅਮਨਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਇੱਕ ਬੱਚਾ ਅਤੇ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਪਤਾਰਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮੌਕੇ 'ਤੇ ਪਹੁੰਚੇ ਥਾਣਾ ਪਤਾਰਾ ਦੇ ਐਸ.ਐਚ.ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਢੱਡਾ ਵਿੱਚ ਜਨਮਦਿਨ ਪਾਰਟੀ ਦੌਰਾਨ ਗੋਲੀ ਲੱਗਣ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
